ਖ਼ਾਮੋਸ਼ ਹੋਇਆ ਰਾਗ – ਭਾਰਤ ਰਤਨ ਭੀਮ ਸੈਨ ਜੋਸ਼ੀ


‘ਬਿਛੜਾ ਕੁਝ ਇਸ ਅਦਾ ਸੇ ਕਿ ਰੁੱਤ ਹੀ ਬਦਲ ਗਈ,
ਇਕ ਸ਼ਖ਼ਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ।’

ਕਿੰਨਾ ਦੁਖਦਾਈ ਹੁੰਦਾ ਏ ਕਿਸੇ ਦਾ ਟੁਰ ਜਾਣਾ। ਕਾਸ਼ ਲਫ਼ਜ਼ ਅਲਵਿਦਾ ਬਣਿਆ ਈ ਨਾ ਹੁੰਦਾ ਪਰ ਅਲਮੀਆਂ ਤਾਂ ਇਹ ਕਿ ਹਕੀਕਤ ਦੇ ਮੇਚੇ ਈ ਨਹੀਂ ਆਉਂਦੀ ਏਸ ਲਫ਼ਜ਼ ਦੀ ਅਦਮ ਮੌਜੂਦਗੀ ਚੂੰ ਕਿ ਟੁਰ ਜਾਣਾ, ਬਿਨਸ ਜਾਣਾ, ਤਿੜਕ ਜਾਣਾ ਤੇ ਭੱਜ ਜਾਣਾ ਈ ਤਾਂ ਸਭ ਤੋਂ ਤਲਖ਼ ਤੇ ਵੱਡੀ ਹਕੀਕਤ ਏ। ਮੌਤ ਡਾਹਢੀ ਏ.. ਇਹਨੂੰ ਕਬੂਲਣ ਬਗੈਰ ਤਾਂ ਕੋਈ ਚਾਰਾ ਵੀ ਨਹੀਂ। ਇਹਦੇ ਪਰਛਾਵੇਂ ਸਾਹਮਣੇ ਤਾਂ ਕੁੱਲ ਜਹਾਨ ਦੀਆਂ ਕਲਾਵਾਂ, ਹੁਨਰ, ਚਾਰਾਜੋਈਆਂ ਤੇ ਅੰਦਾਜ਼ੇ ਤਖ਼ਮੀਨੇ ਹਉਕੇ ਭਰਦੇ ਨਜ਼ਰੀਂ ਆਉਂਦੇ ਨੇ। ਬਾਹਰਹਾਲ ਇਹ ਵੀ ਵਾਪਰਨਾ ਸੀ ਜੋ ਸਦੀ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗਵੱਈਆ ਭੀਮ ਸੈਨ ਜੋਸ਼ੀ ਅਗਲੇ ਜਹਾਨੇ ਕੂਚ ਕਰ ਗਿਆ। ਰੂਹਦਾਰੀ ਮਾਨਣ ਵਾਲੇ ਸਰੋਤੇ ਅਜੇ ਵੀ ਸਦਮੇ ’ਚ ਹਨ ਕਿਉਂਕਿ ਖਿਆਲ ਗਾਇਕੀ ਦੇ ਸਿਰਮੌਰ ਗਵੱਈਏ ਦਾ ਗਾਇਨ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ।
ਮੁਲਕ ਵਿਚ ਗਵੱਈਆਂ ਦੀ ਤਾਂ ਕੋਈ ਕਮੀ ਨਹੀਂ ਪਰ ਜੋਸ਼ੀ ਵਰਗੇ ਕ੍ਰਾਂਤੀਕਾਰੀ ਗਵੱਈਏ ਬੜੇ ਘੱਟ ਹੋਏ ਹਨ, ਜਿਨ੍ਹਾਂ ਨਾਲ ਸੰਗੀਤ ਦੀ ਤਾਰੀਖ ਵਿਚ ਅਹਿਮ ਤਬਦੀਲੀਆਂ ਵਾਪਰੀਆਂ। ਹਿੰਦੁਸਤਾਨੀ ਸਨਾਤਨੀ ਸੰਗੀਤ ਦੇ ਖੇਤਰ ਵਿਚ ਆਪ ਇਕ ਅਜਿਹੀ ਹਸਤੀ ਹੋ ਨਿਬੜੇ ਹਨ ਜਿਸ ਨੂੰ ਸੰਗੀਤ ਦੀ ਵਿਰਾਸਤ ਹਾਸਲ ਨਾ ਹੋਈ। ਆਪਣੇ ਉਸਤਾਦ ਸਵਾਈ ਗੰਧਰਵ ਦੀ ਰਹਿਨੁਮਾਈ ਵਿਚ ਕਠਿਨ ਮਸ਼ਕ ਦੁਆਰਾ ਆਪ ਨੇ ਜੋ ਪ੍ਰਾਪਤ ਕੀਤਾ ਅਤੇ ਡੂੰਘੇ ਚਿੰਤਨ ਦੁਆਰਾ ਰਾਗਦਾਰੀ ਨੂੰ ਨਵੇਂ ਦਿਸਹੱਦਿਆਂ ਨਾਲ ਜੋੜਿਆ। ਆਪ ਦੇ ਗਾਇਨ ਦੀ ਵਿਸ਼ੇਸ਼ਤਾ ਇਹ ਹੈ ਕਿ ਖਿਆਲ ਗਾਇਨ ਹੋਵੇ ਜਾਂ ਫਿਰ ਠੁਮਰੀ, ਭਜਨ ਹੋਵੇ ਜਾਂ ਸ਼ੁੱਧ ਰਾਗ, ਅਸਰ ਆਪਣੀ ਚਰਮ ਸੀਮਾ ’ਤੇ ਹੁੰਦਾ ਹੈ। ਗਾਇਨ ਸ਼ੈਲੀ ਦੀਆਂ ਅਜਿਹੀਆਂ ਵਿਸ਼ੇਸ਼ਤਾਵਾਂ ਲਈ ਆਪ ਦੇ ਪਿਛੋਕੜ ਨੂੰ ਜਾਣ ਲੈਣਾ ਵੀ ਜ਼ਰੂਰੀ ਹੈ।

ਆਪਣੇ ਜ਼ਮਾਨੇ ਦੇ ਪ੍ਰਸਿੱਧ ਕੀਰਤਨਕਾਰ ਪੰਡਿਤ ਭੀਮ ਚਾਰਯ ਦੇ ਪੋਤਰੇ ਅਤੇ ਕੰਨੜ, ਸੰਸਕ੍ਰਿਤ ਤੇ ਅੰਗਰੇਜ਼ੀ ਦੇ ਵਿਦਵਾਨ ਪੰਡਿਤ ਗੁਰੂ ਰਾਜ ਦੇ ਪੁੱਤਰ ਭੀਮ ਸੈਨ ਜੋਸ਼ੀ ਦੀ ਪੈਦਾਇਸ਼ 14 ਫਰਵਰੀ, 1922 ਨੂੰ ਕਰਨਾਟਕ ਦੇ ਕਸਬੇ ਗਡਗ ਵਿਖੇ ਹੋਈ। ਪਿਤਾ ਦੀ ਇੱਛਾ ਸੀ ਕਿ ਭੀਮ ਪੜ੍ਹ-ਲਿਖ ਕੇ ਵਿਦਵਾਨ ਬਣੇ ਪਰ ਆਪ ਦਾ ਧਿਆਨ ਸੰਗੀਤ ਵਲ ਰੁਚਿਤ ਸੀ। ਸੁਰ ਦੀ ਚੇਟਕ ਦਾ ਅਸਰ ਅਜਿਹਾ ਹੋਇਆ ਕਿ ਨਿੱਕੇ ਹੁੰਦਿਆਂ ਹੀ ਆਪ ਭਜਨ ਮੰਡਲੀਆਂ ਦਾ ਸੰਗੀਤ ਸੁਣਨ ਲਈ ਉਨ੍ਹਾਂ ਨਾਲ ਹੋ ਟੁਰਦੇ। ਆਪ ਦੀ ਰੁਚੀ ਨੂੰ ਵੇਖਦਿਆਂ ਪਿਤਾ ਜੀ ਨੇ ਚੰਨੱਪਾ ਕੁਰਤਕੋਟ ਨਾਂਅ ਦੇ ਅਧਿਆਪਕ ਨੂੰ ਆਪ ਦੀ ਤਾਲੀਮ ਲਈ ਰੱਖ ਲਿਆ, ਜਿਨ੍ਹਾਂ ਕੋਲੋਂ ਆਪ ਨੇ ਰਾਗ ਭੈਰਵ ਤੇ ਭੀਮ ਪਲਾਸੀ ਦੇ ਨਾਲ-ਨਾਲ ਹਾਰਮੋਨੀਅਮ ਵਜਾਉਣ ਵਿਚ ਮੁਹਾਰਤ ਹਾਸਲ ਕੀਤੀ।

ਫਿਰ ਜੀਵਨ ’ਚ ਇਕ ਅਜਿਹਾ ਮੋੜ ਆਇਆ, ਜਦੋਂ ਆਪ ਦੀ ਉਮਰ ਮਹਿਜ਼ 11 ਵਰ੍ਹਿਆਂ ਦੀ ਸੀ ਐਲ. ਪੀ. ਰਿਕਾਰਡਾਂ ਦੀ ਇਕ ਦੁਕਾਨ ’ਤੇ ਆਪ ਨੇ ਉਸਤਾਦ ਅਬਦੁਲ ਕਰੀਮ ਖਾਂ ਦੇ ਗਾਏ ਰਿਕਾਰਡ ‘ਫਗਵਾ ਬ੍ਰਜ ਦੇਖਣ ਕੋ ਚਲੋਰੀ’ ਬੰਦਿਸ਼ ਜੋ ਰਾਗ ਬਸੰਤ ’ਚ ਰਾਗ ਬੱਧ ਸੀ ਤੇ ਝਿੰਜੋਟੀ ਰਾਗ ’ਚ ਮੁਰੱਤਬ (ਰਾਗ ਬਧ) ‘ਪੀਆ ਬਿਨ ਨਾਹੀਂ ਆਵਤ ਚੈਨ’ ਆਦਿ ਬੰਦਿਸ਼ਾਂ ਨੂੰ ਸੁਣ ਕੇ ਆਪ ਦੇ ਸੰਵੇਦਨਸ਼ੀਲ ਮਨ ’ਤੇ ਗਹਿਰਾ ਅਸਰ ਹੋਇਆ। ਉਸੇ ਦਿਨ ਆਪ ਗੁਰੂ ਦੀ ਭਾਲ ਹਿਤ ਘਰੋਂ ਨਿਕਲ ਪਏ। ਕੁਝ ਦਿਨ ਬੀਜਾਪੁਰ ਗੁਜ਼ਾਰੇ…, ਫਾਕਾਕਸ਼ੀ ਦਾ ਦੌਰ ਸੀ। ਫਿਰਦਿਆਂ-ਫਿਰਦਿਆਂ ਪੂਨੇ ਆਣ ਪਹੁੰਚੇ, ਜਿਥੇ ਆਪ ਦੀ ਮੁਲਾਕਾਤ ਮਾਸਟਰ ਕ੍ਰਿਸ਼ਨ ਰਾਵ ਫੁਲੰਬਰੀਕਰ ਨਾਲ ਹੋਈ ਪਰ ਗੱਲ ਨੇਪਰੇ ਨਾ ਚੜ੍ਹੀ। ਫਿਰ ਸਰੋਦਵਾਦਕ ਅਜਮਦ ਅਲੀ ਦੇ ਪਿਤਾ ਹਾਫ਼ਿਜ਼ ਅਲੀ ਦੇ ਸੰਪਰਕ ਵਿਚ ਆਏ। ਕੁਝ ਦਿਨਾਂ ਤੱਕ ਕੇਸ਼ਵ ਮੁਕੰਦ ਕੋਲੋਂ ਵੀ ਗੁਰਗਿਆਨ ਹਾਸਲ ਕੀਤਾ। ਚਾਂਦ ਖਾਂ ਕੋਲੋਂ ਸਿੱਖਣ ਦੀ ਕੋਸ਼ਿਸ਼ ਕੀਤੀ ਪਰ ਗੱਲ ਉਥੇ ਵੀ ਨਾ ਬਣੀ। ਭਟਕਦਿਆਂ-ਭਟਕਦਿਆਂ ਆਪ ਜਲੰਧਰ ਆ ਗਏ, ਜਿਥੇ ਆਰੀਆ ਸੰਗੀਤ ਵਿਦਿਆਲਾ ਦੇ ਸੰਚਾਲਕ ਭਗਤ ਮੰਗਤ ਰਾਮ ਕੋਲੋਂ ਸੰਗੀਤ ਸਿਖਦੇ ਰਹੇ। ਹਰਿਵੱਲਭ ਸੰਗੀਤ ਸੰਮੇਲਨ ਵਿਚ ਆਪ ਦੀ ਮੁਲਾਕਾਤ ਵਿਨਾਇਕ ਰਾਓ ਪਟਵਰਧਨ ਨਾਲ ਹੋਈ, ਜਿਨ੍ਹਾਂ ਨੇ ਆਪ ਨੂੰ ਕੁੰਡਾ ਗੋਲ ਵਿਖੇ ਲੈ ਆਂਦਾ। ਅੰਤ ਆਪ ਨੂੰ ਆਪਣਾ ਗੁਰੂ ਮਿਲ ਗਿਆ ਸਵਾਈ ਗੰਧਰਵ ਜਿਨ੍ਹਾਂ ਕੋਲ ਰਹਿ ਕੇ ਆਪ ਨੇ ਸੰਗੀਤ ਦਾ ਕਠਿਨ ਅਭਿਆਸ ਕੀਤਾ। ਸਵੇਰੇ ਚਾਰ ਵਜੇ ਤੋਂ ਰਿਆਜ਼ ਦਾ ਕੰਮ ਸ਼ੁਰੂ ਹੋ ਜਾਂਦਾ… ਤਿੰਨ ਘੰਟੇ ਰਾਗ ਟੋਡੀ ਦਾ ਰਿਆਜ਼, ਫਿਰ ਰਾਗ ਮੁਲਤਾਨੀ ਤੇ ਬਾਅਦ ਵਿਚ ਪੂਰੀਆ ਰਾਗ… ਦਿਨ-ਰਾਤ ਰਿਆਜ਼, ਲਗਾਤਾਰ ਪੰਜ ਸਾਲ ਆਪ ਦੀ ਸਿੱਖਿਆ ਦਾ ਕਾਰਜ ਚਲਦਾ ਰਿਹਾ। ਹਰ ਰੋਜ਼ 12 ਤੋਂ 16 ਘੰਟੇ ਦੀ ਸਖਤ ਮਿਹਨਤ ਰੰਗ ਲਿਆਈ ਅਤੇ ਆਪ ਨੂੰ ਗੰਗੂ ਬਾਈ ਹੰਗਲ ਦੇ ਪਿੰਡ ਗਾਉਣ ਦਾ ਮੌਕਾ ਮਿਲਿਆ। ਬਹੁਤ ਵਾਹ-ਵਾਹ ਹੋਈ। ਰਸੂਲਨ ਬਾਈ ਤੇ ਬੇਗਮ ਅਖ਼ਤਰ ਵਰਗੀਆਂ ਨਾਮਚੀਨ ਹਸਤੀਆਂ ਵੀ ਮਦਾਹ ਹੋ ਗਈਆਂ।

ਆਪਣੇ ਗੁਰੂ ਸਵਾਈ ਗੰਧਰਵ ਦੀ ਬਰਸੀ ਦੇ ਮੌਕੇ ਪੂਨੇ ਵਿਖੇ ਹੀ ਇਕ ਸੰਗੀਤ ਸਮਾਰੋਹ ਵਿਚ ਆਪ ਨੇ ਰਾਗ ਮਲਹਾਰ ਗਾਇਆ। ਸਰੋਤਿਆਂ ਦੇ ਮਨ ’ਤੇ ਅਜਿਹਾ ਜਾਦੂਈ ਅਸਰ ਹੋਇਆ ਕਿ ਆਪ ਕੋਲ ਪ੍ਰੋਗਰਾਮਾਂ ਦਾ ਤਾਂਤਾ ਲੱਗ ਗਿਆ। ਸਮਕਾਲੀਨ ਗਵੱਈਆਂ ’ਚੋਂ ਜਿਹੜੀ ਸ਼ੁਹਰਤ ਆਪ ਦੇ ਹਿੱਸੇ ਆਈ ਹੈ, ਉਹਦੀ ਮਿਸਾਲ ਨਹੀਂ ਲੱਭਦੀ। ਬਦਲਦੇ ਸਮਿਆਂ ਵਿਚ ਸਰੋਤਿਆਂ ਦੀ ਰੁਚੀ ਅਨੁਕੂਲ ਆਪਣੀ ਗਾਇਨ ਸ਼ੈਲੀ ਨੂੰ ਵਿਕਸਤ ਕਰਨਾ ਵੀ ਆਪ ਦਾ ਹੀ ਕਮਾਲ ਸੀ। ਆਪ ਦਾ ਮੰਨਣਾ ਸੀ ‘ਰਾਗ ਦੀ ਬੜ੍ਹਤ ਹੀ ਹਿੰਦੁਸਤਾਨੀ ਸੰਗੀਤ ਦੀ ਰੂਹ ਹੈ… ਰਾਗ ਗਾਉਂਦਿਆਂ ਹੀ ਮੇਰੇ ਅੰਦਰ ਰਾਗਾਤਮਕਤਾ ਨੇ ਜਨਮ ਲਿਆ, ਜਿਸ ਦਾ ਲਫ਼ਜ਼ੀ ਬਿਆਨ ਨਹੀਂ ਹੋ ਸਕਦਾ… ਸੰਗੀਤ ਮੇਰੇ ਲਈ ਰੁਮਾਂਚਕ ਅਨੁਭਵ ਹੈ, ਗਾਉਣਾ ਸ਼ੁਰੂ ਕਰਦਾ ਹਾਂ ਤਾਂ ਪਹਿਲਾਂ ਗੁਰੂ ਦੀ ਵੰਦਨਾ ਕਰਦਾ ਹਾਂ, ਗੁਰੂ ਹੀ ਗਾਉਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ, ਉਪਰੰਤ ਮੇਰੇ ਰੋਮ-ਰੋਮ ਵਿਚ ਊਰਜਾ ਦਾ ਸੰਚਾਰ ਹੋ ਜਾਂਦਾ ਹੈ…।’

ਕਿਰਾਨਾ ਘਰਾਣੇ ਦੇ ਇਸ ਉਸਤਾਦ ਗਵੱਈਏ ਦੇ ਅਨੇਕਾਂ ਰਿਕਾਰਡ, ਸੀਡੀਆਂ ਤੇ ਕੈਸੇਟ ਉਪਲਬੱਧ ਹਨ। ਸੰਨ੍ਹ 1986 ਵਿਚ ਐਚ. ਐਮ. ਵੀ. ਕੰਪਨੀ ਨੇ ਆਪ ਨੂੰ ਪਲੈਟੀਅਮ ਡਿਸਕ ਨਾਲ ਨਵਾਜਿਆ ਸੀ। ਅਨੇਕਾਂ ਮਾਣ-ਸਨਮਾਨ ਹਾਸਲ ਹੋ ਚੁੱਕੇ ਸਨ, ਭੀਮ ਸੈਨ ਜੋਸ਼ੀ ਨੂੰ-1972 ਵਿਚ ਪਦਮਸ੍ਰੀ, ਫੇਰ 1976 ’ਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਤੇ 1985 ਵਿਚ ਪਦਮਭੂਸ਼ਣ ਨਾਲ ਅਲੰਕ੍ਰਿਤ ਹੋਏ। ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਹੋਏ ਪੰਡਿਤ ਭੀਮ ਸੈਨ ਜੋਸ਼ੀ ਸੰਨ 1999 ਤੋਂ ਹੀ ਬਰੇਨ ਟਿਊਮਰ ਦੀ ਬਿਮਾਰੀ ’ਚ ਗ੍ਰਸਤ ਸਨ। ਆਪ੍ਰੇਸ਼ਨ ਦੁਆਰਾ ਭਾਵੇਂ ਟਿਊਮਰ ਹਟਾ ਦਿੱਤਾ ਗਿਆ ਸੀ ਪਰ ਇਸ ਲਾਇਲਾਜ ਬਿਮਾਰੀ ਤੋਂ ਆਪ ਅੰਤ ਤੱਕ ਨਿਜਾਤ ਹਾਸਲ ਨਾ ਕਰ ਸਕੇ। ਸੰਨ 2005 ਵਿਚ ਸਰਵਾਈਕਲ ਸਪਾਈਨ ਸਰਜਰੀ ਵੀ ਆਪ ਨੂੰ ਰਾਸ ਨਾ ਆਈ। ਜ਼ਿੰਦਗੀ ਦੇ ਅੰਤਲੇ ਵਰ੍ਹੇ ਇਸ ਮਹਾਨ ਸੰਗੀਤਕਾਰ ਨੇ ਕਾਫ਼ੀ ਤਕਲੀਫ਼ ਵਿਚ ਗੁਜ਼ਾਰੇ। ਅੰਤ ਮਿਤੀ 24 ਜਨਵਰੀ ਦੀ ਮਨਹੂਸ ਸੁਬਹ ਸੰਗੀਤ ਜਗਤ ਦੇ ਅਜ਼ੀਮ ਗਵੱਈਏ ਲਈ ਜਾਨ-ਲੇਵਾ ਸਾਬਤ ਹੋਈ।

ਪੰਡਿਤ ਭੀਮ ਸੈਨ ਜੋਸ਼ੀ ਦੀ ਵਫ਼ਾਤ ਨਾਲ ਹਿੰਦੁਸਤਾਨੀ ਸੰਗੀਤ ਰਸੀਆਂ ਦੇ ਦਿਲਾਂ ’ਤੇ ਗਹਿਰਾ ਜ਼ਖ਼ਮ ਲੱਗਿਆ ਹੈ। ਰਾਗ ਦੀ ਰੂਹ ’ਚ ਉਤਰ ਕੇ ਫ਼ਿਜ਼ਾ ਨੂੰ ਸੁਰ ਸੰਗੀਤ ਨਾਲ ਮਹਿਕਾਂ ਦੇਣ ਵਾਲੇ ਮਹਾਨ ਗਵੱਈਏ ਦੇ ਵਿਛੋੜੇ ਨੇ ਸੰਗੀਤ ਜਗਤ ਵਿਚ ਅਜਿਹਾ ਖਲਾਅ ਪੈਦਾ ਕਰ ਦਿੱਤਾ ਹੈ, ਜਿਸ ਨੂੰ ਕਦੇ ਪੁਰ ਨਹੀਂ ਕੀਤਾ ਜਾ ਸਕੇਗਾ। ਟੁਰ ਜਾਣ ਵਾਲੇ ਨੂੰ ਸਲਾਮ ਹੈ… ਤੇ ਸਲਾਮ ਹੈ ਉਸ ਦੀ ਮਹਾਨ ਸੰਗੀਤਕ ਦੇਣ ਨੂੰ… ਰੱਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ। ਆਮੀਨ।

ਪ੍ਰੋ: ਅਰਿੰਦਰ ਸਿੰਘ
-91, ਗੁਰੂ ਰਵਿਦਾਸ ਨਗਰ, ਨੇੜੇ ਗੁਰੂ ਰਵਿਦਾਸ ਚੌਕ, ਜਲੰਧਰ-144003.
ਮੋਬਾਈਲ : 95014-60516.
prof.arindersingh@gmail.com

One thought on “ਖ਼ਾਮੋਸ਼ ਹੋਇਆ ਰਾਗ – ਭਾਰਤ ਰਤਨ ਭੀਮ ਸੈਨ ਜੋਸ਼ੀ

  1. Sat sri akal 22ji mere Songs da ki bania Jerhe Winnipeg ditte sii Plz call Back 204-955-2171 KIngra Kamiana

Leave a Reply

Your email address will not be published. Required fields are marked *