ਕਰਦਾ ਕੋਈ ਹੋਰ ਏ …

140403-koi-hor
ਕਿੰਨੀ ਵਾਰੀ ਦੇਖਿਆ, ਤੇ ਹਰ ਵਾਰੀ ਏ ਸੋਚਿਆ
ਕਿ ਕਰਦਾ ਕੋਈ ਹੋਰ ਏ ਤੇ ਭਰਦਾ ਕੋਈ ਹੋਰ
ਸੱਚ ਧਰਮ ਦਾ ਮੂਲ ਹੈ ਤੇ ਪਾਪੋਂ ਨਰਕ ਅਸੂਲ ਹੈ
ਪਰ ਜ਼ਲਿਮ ਕੋਈ ਹੋਰ ਹੈ ਤੇ ਡਰਦਾ ਕੋਈ ਹੋਰ
ਕਿੰਨੀ ਵਾਰੀ ਵਾਰ ਕੇ ਜਿੰਦ ਦਾਅਵਾ ਨਹੀਂ ਸਰਕਾਰ ‘ਤੇ
ਸ਼ੋਹਰਤ ਮਿਲ਼ਦੀ ਕਿਸੇ ਨੂੰ ਤੇ ਮਰਦਾ ਕੋਈ ਹੋਰ
ਲੋਕਾਂ ਦੇ ਦੁੱਖ ਵੰਡਣਾ ਤੇ ਮਾੜੇ ਤਾਂਈਂ ਭੰਡਣਾ
ਕੰਮ ਸੀ ਇਹ ਸੰਗਤਾਰ ਦਾ ਤੇ ਕਰਦਾ ਕੋਈ ਹੋਰ

ਰੁੱਖਾਂ ਦੇ ਗੀਤ

ਕਲਮਾਂ ਤੋਂ ਬਾਅਦ ਕਲਮਾਂ, ਵਰਕੇ ਤੋਂ ਬਾਅਦ ਵਰਕੇ
ਰੁੱਖਾਂ ਦੇ ਗੀਤ ਲਿਖਦਾਂ, ਰੁੱਖਾਂ ਨੂੰ ਕਤਲ ਕਰਕੇ…

ਕਲਮਾਂ ਤੋਂ ਬਾਅਦ ਕਲਮਾਂ ਵਰਕੇ ਤੋਂ ਬਾਅਦ ਵਰਕੇ
ਰੁੱਖਾਂ ਦੇ ਗੀਤ ਲਿਖਦਾਂ ਰੁੱਖਾਂ ਨੂੰ ਕਤਲ ਕਰਕੇ

ਮੈਂ ਜਦ ਵੀ ਪੈਰ ਬਣਿਆਂ ਰੁੱਖਾਂ ਲਈ ਉਹ ਰੁੱਸੇ
ਪੁੱਟੀ ਜਦੋਂ ਵੀ ਚਕਲੀ ਮੁਰਝਾ ਗਏ ਉਹ ਡਰ ਕੇ

ਰਸ ਅਕਲ ਦਾ ਜਦੋਂ ਵੀ ਮੈਂ ਕ੍ਹਾੜਨੀ ’ਚ ਪਾਇਆ
ਕਿੰਨੀ ਕਹਾਂ ਕਿ ਆਵੇ ਉੱਤੇ ਨੂੰ ਮੈਲ਼ ਤਰਕੇ

ਹੈ ਇਸ਼ਕ ਨੂੰ ਪੁਗਾਇਆ ਵੱਖਰੇਂ ਸਮੇਂ ’ਚ ਆਪਾਂ
ਦਿਲ ਤਾਂ ਗਿਆ ਤੇ ਦਿੱਤਾ ਫਾਰਮ ਵੀ ਨਾਲ਼ ਭਰਕੇ

ਮੈਂ ਰਾਖ ਤਾਂ ਏ ਹੋਣਾ ਨਾ ਖਾਕ ਹੀ ਹੋ ਜਾਵਾਂ
ਹਰ ਸੋਚਦਾ ਏ ਬੰਦਾ ਜਾਵਾਂ ਨਾ ਮਰ ਹੀ ਮਰ ਕੇ

ਜੋ ਠੰਡ ਓਸ ਪਾਈ ਮੁੜ ਕੇ ਕਿਤੇ ਮਿਲ਼ੀ ਨਾ
ਹਾਂ ਹੋ ਗਿਆ ਨਦੀ ਦਾ ਇੱਕੋ ਹੀ ਵਾਰ ਤਰ ਕੇ।
-ਸੰਗਤਾਰ

ਚੱਕਰ ਘੁੰਮਦਾ ਜਾਂਦਾ ਏ

ਹਰ ਇੱਕ ਅੱਜ ਨੇ ਕੱਲ੍ਹ ਹੋ ਜਾਣਾ,
ਪਤਾ ਨਹੀਂ ਏ ਕੱਲ੍ਹ ਦਾ, ਚੱਕਰ ਘੁੰਮਦਾ ਜਾਂਦਾ ਏ

ਸੂਰਜ ਚੰਨ ਤਾਂ ਰੁਕ ਸਕਦੇ ਨੇ,
ਸਮਾਂ ਨਾ ਠੱਲ੍ਹਿਆਂ ਠੱਲ੍ਹਦਾ, ਚੱਕਰ ਘੁੰਮਦਾ ਜਾਂਦਾ ਏ

ਬੋਲ ਨਾ ਬੋਲਣ ਵਾਲ਼ਾ ਰਹਿਣਾ,
ਗੁੱਸਾ ਕਹਿੜੀ ਗੱਲ ਦਾ, ਚੱਕਰ ਘੁੰਮਦਾ ਜਾਂਦਾ ਏ

ਇੰਡੀਆ ਕਿੰਞ ਸੰਗਤਾਰ ਵੇਖੀਏ
YouTube ਨਹੀਂ ਚੱਲਦਾ, ਚੱਕਰ ਘੁੰਮਦਾ ਜਾਂਦਾ ਏ

ਵੈਨ ਗੋਅ, ਪਿਕਾਸੋ

ਵੈਨ ਗੋਅ, ਪਿਕਾਸੋ ਦੀਆਂ ਵੇਖ ਤਸਵੀਰਾਂ
ਵਿੱਚੋਂ ਉਨ੍ਹਾਂ ਦੀ ਉਦਾਸੀ ਨੂੰ ਤੂੰ ਵੇਖ ਹੰਝੂ ਕੇਰਦੀ
ਤੇਰੀ ਮੇਰੀ ਸਾਂਝੀ ਜਿਹੜੀ ਮੇਰੇ ਦਿਲ ਵਿੱਚ
ਨਹੀਂ ਉਸ ਤਸਵੀਰ ਵੱਲ ਨਜ਼ਰ ਵੀ ਫੇਰਦੀ
ਲੋਕਾਂ ਨਾਲ਼ ਕਰਦੀ ਏਂ ਮਿੱਠਤ ਨਿਵਾਣ ਦੀਆਂ
ਸਾਡੇ ਨਾਲ਼ ਗੱਲਾਂ ਕਰੇਂ ਗੁੱਸੇ ਤੇ ਗੁਮਾਨ ਦੀਆਂ
ਲਾ ਕੇ ਜ਼ਖਮ ਲੈ ਕੇ ਮੱਲ੍ਹਮ ਨਾ ਆਈ ਮੁੜ
ਕਰਦਾ ਉਡੀਕ ਸੰਗਤਾਰ ਕਿੰਨੇ ਦੇਰ ਦੀ

ਕੀ ਆਖਾਂ ਮੈਂ?

ਏ ਸੀ ਅੰਦਰ ਬੈਠਾ ਧੁੱਪੇ ਸੜਦਿਆਂ ਬਾਰੇ ਕੀ ਆਖਾਂ ਮੈਂ?
ਮਾਣ ਰਿਹਾਂ ਹਾਂ ਜ਼ਿੰਦਗੀ ਕਿੱਧਰੇ ਮਰਦਿਆਂ ਬਾਰੇ ਕੀ ਆਖਾਂ ਮੈਂ?

ਲੀਰਾਂ ਵਿੱਚ ਲਪੇਟੇ ਨੇ ਜੋ ਮਿੱਟੀ ਦੇ ਵਿੱਚ ਲੇਟੇ ਨੇ ਜੋ
ਤਪਦੇ ਜਿਸਮਾਂ ਮੂਹਰੇ ਚੁੱਲ੍ਹੇ ਠਰਦਿਆਂ ਬਾਰੇ ਕੀ ਆਖਾਂ ਮੈਂ?

 ਦੁਨੀਆਂ ਜਿਹੜੇ ਭੁੱਲ ਬੈਠੀ ਏ ਆਪਣੇ ਰੰਗੀਂ ਡੁੱਲ੍ਹ ਬੈਠੀ ਏ
ਟੁੱਟੀ ਪੌੜੀ ਕਿਸਮਤ ਦੀ ‘ਤੇ ਚੜ੍ਹਦਿਆਂ ਬਾਰੇ ਕੀ ਆਖਾਂ ਮੈਂ?

 ਸ਼ਿਸਤ ਸ਼ਿਕਾਰੀ ਲਾ ਬਹਿੰਦਾ ਏ ਖੇਡ ਮੌਤ ਨੂੰ ਕਹਿ ਲੈਂਦਾ ਏ
ਬੇਦੋਸ਼ੇ ਮਾਸੂਮ ਚੁਗਦਿਆਂ ਚਰਦਿਆਂ ਬਾਰੇ ਕੀ ਆਖਾਂ ਮੈਂ?

ਨ੍ਹੇਰਾ ਸਾਡੇ ਵਿਹੜੇ ਵਧਿਆ ਆਪਣੇ ਚੁੱਲ੍ਹੇ ਨੇੜੇ ਵਧਿਆ
ਲੋਕਾਂ ਨੂੰ ਤਾਂ ਕਹਿ ਲੈਂਦਾ ਸਾਂ ਘਰਦਿਆਂ ਬਾਰੇ ਕੀ ਆਖਾਂ ਮੈਂ?

ਸੰਗਤਾਰ ਜੇ ਏਨਾ ਮੰਦਾ ਨਹੀਂ ਤਾਂ ਕੁੱਝ ਵੀ ਕਹਿਣਾ ਚੰਗਾ ਨਹੀਂ ਏ
ਕਦਮ ਕਦਮ ’ਤੇ ਕਦਮ ਮਿਲ਼ਾ ਕੇ ਖੜ੍ਹਦਿਆਂ ਬਾਰੇ ਕੀ ਆਖਾਂ ਮੈਂ?

-ਸੰਗਤਾਰ

ਨਾ ਸਮਝੀ

Sangtar Sydney

ਨਾ ਸਮਝੀ ਤੂੰ ਨਾ ਸਮਝੇਂਗੀ ਸਮਝਾਉਣਾ ਦਿੱਤਾ ਛੱਡ ਆਪਾਂ ।
ਹੁਣ ਪਾ ਕੁੰਡੀ ਦਿਲ ਤੇਰੇ ਵਿੱਚ ਦਿਲ ਆਪਣਾ ਲੈਣਾ ਕੱਢ ਆਪਾਂ ।

ਹੁਣ ਤੈਨੂੰ ਕੋਈ ਲੋੜ ਨਹੀਂ ਸੰਗਤਾਰ ‘ਤੇ ਜ਼ੁਲਮ ਕਮਾਉਣੇ ਦੀ,
ਤੇਰੀ ਗਲੀ ‘ਚ ਆਪੇ ਆਪਣੇ ਲਈ, ਹੁਣ ਸੂਲੀ ਲੈਣੀ ਗੱਡ ਆਪਾਂ।

-ਸੰਗਤਾਰ

ਸਬਕ

ਬੰਦਾ, ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ
ਯੁਗਾਂ ਦੀ ਉਸਾਰੀ ਤੇ ਤਬਾਹੀ ਤੋਂ ਵੀ ਸਿਖਦਾ
ਟੱਕਰਾਂ ਤੋਂ ਸਿੱਖਦਾ ਏ ਅੱਖਰਾਂ ਤੋਂ ਸਿੱਖਦਾ
ਵਰਕੇ ‘ਤੇ ਡੁੱਲ੍ਹੀ ਹੋਈ ਸਿਆਹੀ ਤੋਂ ਵੀ ਸਿੱਖਦਾ
ਪਿਆਰ ਵੀ ਸਿਖਾਵੇ ਤੇ ਵਿਛੋੜਾ ਵੀ ਸਿਖਾਉਂਦਾ ਏ
ਪੈਰ ਵਿੱਚ ਵੱਜਾ ਹੋਇਆ ਰੋੜਾ ਵੀ ਸਿਖਾਉਂਦਾ ਏ
ਜ਼ਿੰਦਗੀ ਸਬਕ ਜਿਉਣਾ ਨਾਮ ਸਿੱਖੀ ਜਾਣ ਦਾ
ਸਿੱਖ ਸਿੱਖ ਨਵੇਂ ਸੰਗਤਾਰ ਧੋਖੇ ਖਾਣ ਦਾ

-ਸੰਗਤਾਰ

Dhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook

Dhaian Nadian Da Punjab
Sangtar’s Dhaian Nadian Da Punjab (ਢਾਈਆਂ ਨਦੀਆਂ ਦਾ ਪੰਜਾਬ) eBook is now available for download. Please use the links below.
1. Click Here to download from iTunes
2. Click Buy Now link for other devices.
buy

If you have any question about our publications please contact us.

ਉਡਾਰੀਆਂ

ਕੀ ਕਵੀਆਂ ਦੀਆਂ ਉਡਾਰੀਆਂ
ਬਸ ਉਡਣੇ ਦਾ ਪਰਿਆਸ

ਨਾ ਰੁੱਖ ਉੱਤੇ ਆਲ੍ਹਣਾ
ਨਾ ਜੰਗਲ ਵਿੱਚ ਵਾਸ

ਅਸਲੀ ਕਵਿਤਾ ਪੰਛੀ ਲਿਖਦੇ
ਲਫਜ਼ ਫੁੱਲਾਂ ਤੋਂ ਹੌਲ਼ੇ
ਪਿਆਰ ਸੁਨੇਹੇ ਗ਼ਮ ਦੀਆਂ ਹੂਕਾਂ
ਵਿੰਨ੍ਹਦੀਆਂ ਜੇ ਕੋਈ ਗੌਲ਼ੇ

-ਸੰਗਤਾਰ

ਚਲੋ ਜੀ! ਚੱਲੀ ਜਾਂਦਾ


ਜਿਸ ਨੂੰ ਪੁੱਛੋ ਨਸ਼ਿਆਂ ਨੂੰ ਉਹ ਕੋਹੜ ਕਹੇਗਾ
ਗਾਲ਼ੀ ਇਹਨਾਂ ਜਵਾਨੀ ਦੇ ਕੇ ਜ਼ੋਰ ਕਹੇਗਾ
ਪਰ ਰਾਤ ਨੂੰ ਹਰ ਕੋਈ ਹੋ ਕੇ ਘਰ ਨੂੰ ਟੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…

ਜਿਸ ਅਫਸਰ ਨੂੰ ਮਿਲ਼ੋ ਉਹ ਮੱਦਦਗਾਰ ਬੜਾ ਏ
ਨਾ ਉਹ ਰਿਸ਼ਵਤਖੋਰ ਯਾਰਾਂ ਦਾ ਯਾਰ ਬੜਾ ਏ
ਪਰ ਲੋਕੀਂ ਕਹਿਣ ਕਿ ਕਬਜ਼ੇ ਰੋਜ਼ ਦਬੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…

ਆਪ ਜੀਹਦੇ ਗਲ਼ ਬਾਹਾਂ ਦਾ ਨਿੱਤ ਹਾਰ ਏ ਪੈਂਦਾ
ਆਸ਼ਕ ਲੋਕਾਂ ਦਾ ਉਹ ਵੈਰੀ ਬਣ ਬਣ ਬਹਿੰਦਾ
ਫੜ ਲਏ ਫੜ ਲਏ ਪਾਉਂਦਾ ਪਿੰਡ ਤ੍ਰਥੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…

ਸੱਚੀ ਗੱਲ ਕਿ ਪਿਆਰ ਦੀ ਕਿੱਧਰੇ ਥੋੜ ਨਹੀਂ ਏ
ਸੋਲ਼ਾਂ ਆਨੇ ਸਹੀ ਹੋਣ ਦੀ ਲੋੜ ਨਹੀਂ ਏ
ਗੱਲ ਸੰਗਤਾਰ ਇਹ ਚੁੱਕੀ ਕਿਉਂ ਕੁਵੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…

-ਸੰਗਤਾਰ