ਘਾਲ਼ਾ-ਮਾਲ਼ਾ

Ghala Mala

ਰੌਸ਼ਨੀਆਂ ਦੇ ਨਾਂ ‘ਤੇ ਘਾਲ਼ਾ ਮਾਲ਼ਾ ਹੁੰਦਾ ਏ
ਸੂਰਜ ਦੇ ਗਲ਼ ਲੱਗ ਕੇ ਸੂਰਜ ਕਾਲ਼ਾ ਹੁੰਦਾ ਏ

ਇੱਕ ਤਾਂ ਟੋਏ ਦੇ ਵਿੱਚ ਕਾਹਲ਼ੀ ਕਰ ਕੇ ਡਿਗਦਾ ਏ
ਕੱਢਣ ਵਾਲ਼ਾ ਉਸ ਤੋਂ ਬਾਹਲ਼ਾ ਕਾਹਲ਼ਾ ਹੁੰਦਾ ਏ

ਵਕਤ ਵਿੱਚ ਵੀ ਟੋਏ ਹੁੰਦੇ ਸਮਝ ਨਾ ਏਨੀ ਸੀ
ਕਈ ਸਾਲਾਂ ਦੀ ਹੱਦ ਦੁਆਲ਼ੇ ਖਾਲ਼ਾ ਹੁੰਦਾ ਏ

ਕੁੱਝ ਦਿਨਾਂ ਦੇ ਮਹਿਲਾਂ ਮੂਹਰੇ ਪਹਿਰੇ ਹੁੰਦੇ ਨੇ
ਕੁੱਝ ਦਿਨਾਂ ਦੇ ਬੂਹੇ ਉੱਤੇ ਤਾਲ਼ਾ ਹੁੰਦਾ ਏ

ਸਰਦੀ ਨਾਲ਼ ਹੀ ਸੜ ਕੇ ਰੂਹ ਵੀ ਕੋਲਾ ਹੋ ਜਾਂਦੀ
ਤਨਹਾਈ ਦੀ ਰੁੱਤੇ ਐਸਾ ਪਾਲ਼ਾ ਹੁੰਦਾ ਏ

ਇੱਕ ਤਾਂ ਮੂੰਹ ਨਾਲ਼ ਬੁਣਦਾ ਏ ਘਰ ਬੱਚੇ ਪਾਲਣ ਲਈ
ਇੱਕ ਦੇ ਘਰ ਵਿੱਚ ਹੂੰਝਣ ਵਾਲ਼ਾ ਜਾਲ਼ਾ ਹੁੰਦਾ ਏ

ਸਾਡੇ ਵੇਲੇ ਹਰ ਪਿੰਡ ਦੇ ਵਿੱਚ ਟੋਬਾ ਹੁੰਦਾ ਸੀ
ਅਜਕਲ ਹਰ ਪਿੰਡ ਗੰਦਗੀ ਵਾਲ਼ਾ ਨਾਲ਼ਾ ਹੁੰਦਾ ਏ।

-ਸੰਗਤਾਰ

ਉਮਰ ਭਰ…

ਘਰ ਤਾਂ ਕੀ ਇਸ ਸ਼ਹਿਰ ਵੀ, ਆਉਣਾ ਉਹਦਾ ਹੋਇਆ ਹੀ ਨਾ
ਦਰ ਉਡੀਕਾਂ ਵਿੱਚ ਅਸੀਂ ਵੀ ਉਮਰ ਭਰ ਢੋਇਆ ਹੀ ਨਾ

ਸਾਜ਼ ਬਣਕੇ ਵੀ ਉਹ ਵੀਨਾ ਤਰਸਦੀ ਤਰਜ਼ਾਂ ਨੂੰ ਰਹੀ
ਤਨ ਉਹ ਦਾ ਕਾਬਿਲ ਕਿਸੇ ਵਾਦਿਕ ਕਦੇ ਛੋਹਿਆ ਹੀ ਨਾ

ਚਾਹੁੰਦਿਆਂ ਵੀ ਅੱਖੀਆਂ ’ਚੋਂ ਅੱਥਰੂ ਗੁੰਮ ਹੀ ਨੇ ਅੱਜ
ਆਸ ਸੀ ਜਿਸਦੀ ਅਸਰ ਵਿਛੜਨ ਦਾ ਉਹ ਹੋਇਆ ਹੀ ਨਾ

ਕੀ ਨਸ਼ਾ ਸੀ ਇਸ਼ਕ ਦੇ ਦਰਦਾਂ ਦੇ ’ਚ ਦੱਸ ਤਾਂ ਸੋਹਣਿਆਂ
ਹੋ ਜੁਦਾ ਜ਼ਿੰਦਗੀ ਤੋਂ ਚਾਅ ਫਿਰ ਜਿਉਣ ਦਾ ਮੋਇਆ ਹੀ ਨਾ

ਸਰਦ ਸੀ ਬੇਜਾਨ ਸੀ ਪੱਥਰ ਸੀ ਫਿਰ ਵੀ ਦਿਲ ਤਾਂ ਸੀ
ਨਸ਼ਤਰਾਂ ਦੇ ਨਾਲ਼ ਥਾਂ ਇਹ ਬਸ ਕਿਸੇ ਟੋਹਿਆ ਹੀ ਨਾ।

-ਸੰਗਤਾਰ

ਇਸ਼ਕ ਦੀ ਬੂਟੀ

ਜਦ ਰਾਹਾਂ ਵਿੱਚ ਇਸ਼ਕ ਦੀ ਬੂਟੀ ਉੱਗਦੀ ਏ
ਪੈਰ ’ਚ ਲੱਗੀ ਸੂਲ਼ ਦਿਲਾਂ ਵਿੱਚ ਚੁੱਭਦੀ ਏ

ਜਿੰਨਾ ਚਿਰ ਦਿਲ ਵਾਲ਼ਾ ਸ਼ੀਸ਼ਾ ਗੰਧਲ਼ਾ ਏ
ਓਨਾ ਚਿਰ ਦੁਨੀਆਂ ਵਿੱਚ ਚੰਗੀ ਪੁੱਗਦੀ ਏ

ਆਸ ਦਿਲਾਂ ਨੂੰ ਹਾੜੀ ਦੀ ਰੁੱਤ ਸ਼ੁੱਭ ਦੀ ਏ
ਲੋੜ ਕਿਸਾਨਾਂ ਨੂੰ ਦਾਤੀ ਤੇ ਛੁੱਬ ਦੀ ਏ

ਕਾਤਲ ਦੇ ਦਿਲ ਅੰਦਰ ਸੂਰਜ ਮਰਦਾ ਏ
ਜਦ ਕੋਈ ਤਲਵਾਰ ਲਹੂ ਵਿੱਚ ਡੁੱਬਦੀ ਏ

ਸਿਰ ਤੇ ਜਦ ਮੰਡਰਾਉਂਦੇ ਬਰਛੇ ਤਲਵਾਰਾਂ
ਭੁੱਲਦੀ ਜਦ ਦੁਨੀਆਂ ਤਦ ਜ਼ਿੰਦਗੀ ਸੁੱਝਦੀ ਏ

ਜਿੰਨੀ ਲੰਮੀ ਪਹੁੰਚ ਏ ਲਫ਼ਜ਼ਾਂ ਵਾਕਾਂ ਦੀ
ਚਿੱਠੀ ਉਸ ਤੋਂ ਡੂੰਘੀ ਥਾਂ ਤਕ ਪੁੱਜਦੀ ਏ

ਤਨ ਤਾਂ ਕਿਸਮਤ ਦੇ ਪਿੰਜਰੇ ਵਿੱਚ ਕੈਦੀ ਏ
ਅਜਕਲ ਉਹ ਖਿਆਲਾਂ ਦੇ ਵਿੱਚ ਹੀ ਉਡਦੀ ਏ।

-ਸੰਗਤਾਰ

Punjabi Poetry Part 03 – ਅਰੂਜ਼ – ਸਬੱਬ ਤੇ ਵਤਦ

[youtube http://www.youtube.com/watch?v=iRF8GYHJRLI&w=560&h=315]
ਇਸ ਵਿਡੀਓ ਦੇ ਵਿੱਚ ‘ਅਰੂਜ਼’ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਅਰੂਜ਼ ਮੁਤਾਬਿਕ ਦੋ ਤਰ੍ਹਾਂ ਦੀਆਂ ਧੁਨੀਆਂ ਹਨ:
1. ਮੁਤਹੱਰਕ ਅਤੇ
2. ਸਾਕਿਨ

1. ‘ਮੁਤਹੱਰਕ’ ਉਨ੍ਹਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜੋ ਅੰਗਰੇਜੀ ਦੇ ਹਿਸਾਬ ਨਾਲ accented ਹਨ ਜਾਂ ਜਿਨ੍ਹਾਂ ਨੂੰ ਬੋਲਣ ਸਮੇਂ ਜ਼ੁਬਾਨ ‘ਹਰਕਤ’ ਵਿੱਚ ਆਉਂਦੀ ਹੈ।
2. ‘ਸਾਕਿਨ’ ਉਨ੍ਹਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜੋ ਅੰਗਰੇਜੀ ਦੇ ਹਿਸਾਬ ਨਾਲ unaccented ਹਨ ਜਾਂ ਜਿਨ੍ਹਾਂ ਨੂੰ ਬੋਲਣ ਸਮੇਂ ਜ਼ੁਬਾਨ ‘ਸਕੂਨ’ ਵਿੱਚ ਰਹਿੰਦੀ ਹੈ।

‘ਮੁਤਹੱਰਕ’ ਤੇ ‘ਸਾਕਿਨ’ ਜੋੜਿਆਂ ਵਿੱਚ ਜਾਂ ਤਿੱਕੜੀਆਂ ਵਿੱਚ ਇਕੱਠੇ ਹੁੰਦੇ ਹਨ।
ਜੋੜੇ ਨੂੰ ‘ਸਬੱਬ’ ਤੇ ਤਿੱਕੜੀ ਨੂੰ ‘ਵਤਦ’ ਕਿਹਾ ਜਾਂਦਾ ਹੈ।

ਸਬੱਬ ਦੇ ਦੋ ਪ੍ਰਕਾਰ ਹਨ:
1. ਸਬੱਬ ਖਫ਼ੀਫ਼: ਇਹ ‘ਮੁਤਹੱਰਕ’+’ਸਾਕਿਨ’ ਨਾਲ਼ ਬਣਦਾ ਹੈ।
2. ਸਬੱਬ ਸਕੀਲ: ਇਹ ‘ਮੁਤਹੱਰਕ’+’ਮੁਤਹੱਰਕ’ ਨਾਲ਼ ਬਣਦਾ ਹੈ।

ਵਤਦ ਦੇ ਤਿੰਨ ਪ੍ਰਕਾਰ ਹਨ, ਪਰ ਪੰਜਾਬੀ ਵਿੱਚ ਪਹਿਲੇ ਦੋ ਹੀ ਆਉਂਦੇ ਹਨ:
1. ਵਤਦ ਮਜਮੂਅ: ਇਹ ‘ਮੁਤਹੱਰਕ’+’ਮੁਤਹੱਰਕ’+’ਸਾਕਿਨ’ ਨਾਲ਼ ਬਣਦਾ ਹੈ।
2. ਵਤਦ ਮਫ਼ਰੂਕ: ਇਹ ‘ਮੁਤਹੱਰਕ’+’ਸਾਕਿਨ’+’ਮੁਤਹੱਰਕ’ ਨਾਲ਼ ਬਣਦਾ ਹੈ।
3. ਵਤਦ ਕਸਰਤ: ਇਹ ‘ਮੁਤਹੱਰਕ’+’ਮੁਤਹੱਰਕ’+’ਮੁਤਹੱਰਕ’ ਨਾਲ਼ ਬਣਦਾ ਹੈ।

ਸ਼ਬਦ ਵਿੱਚ ਕਿਸੇ ਵਰਣ ਦੇ ‘ਮੁਤਹੱਰਕ’ ਜਾਂ ‘ਸਾਕਿਨ’ ਹੋਣ ਬਾਰੇ ਇਹ ਨਿਯਮ ਹਨ:
1. ਹਰ ਸ਼ਬਦ ਦਾ ਪਹਿਲਾ ਵਰਣ, ਅੱਖਰ ਜਾਂ ਹਰਫ਼ ਸਦਾ ‘ਮੁਤਹੱਰਕ’ ਹੁੰਦਾ ਹੈ।
2. ਹਰ ਸ਼ਬਦ ਦਾ ਆਖਰੀ ਵਰਣ, ਅੱਖਰ ਜਾਂ ਹਰਫ਼ ਸਦਾ ‘ਸਾਕਿਨ’ ਹੁੰਦਾ ਹੈ।
3. ਜੇ ਦੋ ‘ਸਾਕਿਨ’ ਇਕੱਠੇ ਹੋ ਜਾਣ ਤਾਂ ਪਹਿਲਾ ‘ਸਾਕਿਨ’ ਹੀ ਰਹਿੰਦਾ ਹੇ ਪਰ ਦੁਜਾ ‘ਮੁਤਹੱਰਕ’ ਹੋ ਜਾਂਦਾ ਹੈ।
4. ਜੇ ਤਿੰਨ ‘ਸਾਕਿਨ’ ਇਕੱਠੇ ਹੋ ਜਾਣ ਤਾਂ ਪਹਿਲਾ ‘ਸਾਕਿਨ’, ਦੁਜਾ ‘ਮੁਤਹੱਰਕ’ ਤੇ ਤੀਜਾ ਵਜ਼ਨੋਂ ਖਾਰਿਜ ਹੋ ਜਾਂਦਾ ਹੈ।

ਉੱਪਰ ਦਿੱਤੇ ਚਾਰ ਨਿਯਮਾਂ ਵਿੱਚੋਂ ਜੇ ਦੋ ਨਿਯਮ ਲਾਗੂ ਹੁੰਦੇ ਹੋਣ ਤਾਂ ਸਿਰਫ ਮਗਰਲਾ ਨਿਯਮ ਹੀ ਵਰਤਿਆ ਜਾਂਦਾ ਹੈ। ਜਾਣੀਕਿ ਜੇ ਕਿਸੇ ਸ਼ਬਦ ‘ਤੇ ਨਿਯਮ ਨੰ. 2 ਅਤੇ ਨਿਯਮ ਨੰ. 3 ਲਾਗੂ ਹੁੰਦੇ ਹੋਣ, ਤਾਂ ਸਿਰਫ ਨਿਯਮ ਨੰ. 3. ਹੀ ਵਰਤਿਆ ਜਾਵੇਗਾ।

ਪਿੰਗਲ ਅਤੇ ਅਰੂਜ਼ ਬਾਰੇ ਡੂੰਘਾ ਗਿਆਨ ਹਾਸਿਲ ਕਰਨ ਦੇ ਚਾਹਵਾਨਾਂ ਲਈ ਮੈਂ ਹੇਠਾਂ ਕੁੱਝ ਕਿਤਾਬਾਂ ਦੇ ਨਾਮ ਵੀ ਲਿਖ ਦਿੱਤੇ ਹਨ। ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਇਹ ਕਿਤਾਬਾਂ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ ਜਲੰਧਰ ਤੋਂ ਮਿਲ਼ ਸਕਦੀਆਂ ਹਨ:

1. ਪਿੰਗਲ ਤੇ ਅਰੂਜ਼ – ਪ੍ਰੋ. ਜੋਗਿੰਦਰ ਸਿੰਘ -ਇਹ ਕਿਤਾਬ ਪੰਜਾਬੀ ਵਿੱਚ ਸਭ ਤੋਂ ਪਹਿਲੀ ਤੇ ਹੋਰ ਸਭ ਕਿਤਾਬਾਂ ਤੋਂ ਉੱਤਮ ਕਿਰਤ ਹੈ। ਜੇ ਇੱਕ ਕਿਤਾਬ ਹੀ ਪੜ੍ਹਨੀ ਹੋਵੇ ਤਾਂ ਇਹ ਜ਼ਰੂਰ ਪੜ੍ਹੋ।
2. ਸੰਪੂਰਨ ਪਿੰਗਲ ਅਤੇ ਅਰੂਜ਼ – ਸੁਲੱਖਣ ਸਰਹੱਦੀ -ਇਸ ਕਿਤਾਬ ਵਿੱਚ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਨੂੰ ਚਾਰਟਾਂ ਵਿੱਚ ਵਿਖਾ ਕੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)
3. ਗ਼ਜ਼ਲ – ਅਰੂਜ਼ ਤੇ ਪਿੰਗਲ – ਡਾ. ਐੱਸ ਤਰਸੇਮ – ਇਸ ਕਿਤਾਬ ਵਿੱਚ ਅਰੂਜ਼ ਦੇ ਅਰਬੀ ਦੇ ਰੁਕਨਾਂ ਨੂੰ ਪੰਜਾਬੀ ਵਿੱਚ ਬਦਲ ਕੇ ਸੌਖਾ ਕੀਤਾ ਹੋਇਆ ਹੈ।
4. ਪਿੰਗਲ ਦਰਪਣ – ਡਾ. ਜਸਵੰਤ ਬੇਗੋਵਾਲ – ਇਹ ਕਿਤਾਬ ਪਿੰਗਲ ਬਾਰੇ ਅਣਮੁੱਲੀ ਜਾਣਕਾਰੀ ਦਾ ਉੱਤਮ ਸਰੋਤ ਹੈ।

Punjabi Poetry Part 02 – ਅਰੂਜ਼ – ਮੁੱਢਲੀ ਜਾਣਕਾਰੀ

[youtube http://www.youtube.com/watch?v=tDtbXIf6rrs&w=560&h=315]
ਇਸ ਵਿਡੀਓ ਦੇ ਵਿੱਚ ‘ਅਰੂਜ਼’ ਦੇ ਮੁੱਢਲੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਅਰੂਜ਼ ਮੁਤਾਬਿਕ ਦੋ ਤਰ੍ਹਾਂ ਦੀਆਂ ਧੁਨੀਆਂ ਹਨ:
1. ਮੁਤਹੱਰਕ ਅਤੇ
2. ਸਾਕਿਨ

1. ‘ਮੁਤਹੱਰਕ’ ਉਨ੍ਹਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜੋ ਅੰਗਰੇਜੀ ਦੇ ਹਿਸਾਬ ਨਾਲ accented ਹਨ ਜਾਂ ਜਿਨ੍ਹਾਂ ਨੂੰ ਬੋਲਣ ਸਮੇਂ ਜ਼ੁਬਾਨ ‘ਹਰਕਤ’ ਵਿੱਚ ਆਉਂਦੀ ਹੈ।
2. ‘ਸਾਕਿਨ’ ਉਨ੍ਹਾਂ ਧੁਨੀਆਂ ਨੂੰ ਕਿਹਾ ਜਾਂਦਾ ਹੈ ਜੋ ਅੰਗਰੇਜੀ ਦੇ ਹਿਸਾਬ ਨਾਲ unaccented ਹਨ ਜਾਂ ਜਿਨ੍ਹਾਂ ਨੂੰ ਬੋਲਣ ਸਮੇਂ ਜ਼ੁਬਾਨ ‘ਸਕੂਨ’ ਵਿੱਚ ਰਹਿੰਦੀ ਹੈ।

ਪਿੰਗਲ ਅਤੇ ਅਰੂਜ਼ ਬਾਰੇ ਡੂੰਘਾ ਗਿਆਨ ਹਾਸਿਲ ਕਰਨ ਦੇ ਚਾਹਵਾਨਾਂ ਲਈ ਮੈਂ ਹੇਠਾਂ ਕੁੱਝ ਕਿਤਾਬਾਂ ਦੇ ਨਾਮ ਵੀ ਲਿਖ ਦਿੱਤੇ ਹਨ। ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਇਹ ਕਿਤਾਬਾਂ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ ਜਲੰਧਰ ਤੋਂ ਮਿਲ਼ ਸਕਦੀਆਂ ਹਨ:

1. ਪਿੰਗਲ ਤੇ ਅਰੂਜ਼ – ਪ੍ਰੋ. ਜੋਗਿੰਦਰ ਸਿੰਘ -ਇਹ ਕਿਤਾਬ ਪੰਜਾਬੀ ਵਿੱਚ ਸਭ ਤੋਂ ਪਹਿਲੀ ਤੇ ਹੋਰ ਸਭ ਕਿਤਾਬਾਂ ਤੋਂ ਉੱਤਮ ਕਿਰਤ ਹੈ। ਜੇ ਇੱਕ ਕਿਤਾਬ ਹੀ ਪੜ੍ਹਨੀ ਹੋਵੇ ਤਾਂ ਇਹ ਜ਼ਰੂਰ ਪੜ੍ਹੋ।
2. ਸੰਪੂਰਨ ਪਿੰਗਲ ਅਤੇ ਅਰੂਜ਼ – ਸੁਲੱਖਣ ਸਰਹੱਦੀ -ਇਸ ਕਿਤਾਬ ਵਿੱਚ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਨੂੰ ਚਾਰਟਾਂ ਵਿੱਚ ਵਿਖਾ ਕੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)
3. ਗ਼ਜ਼ਲ – ਅਰੂਜ਼ ਤੇ ਪਿੰਗਲ – ਡਾ. ਐੱਸ ਤਰਸੇਮ – ਇਸ ਕਿਤਾਬ ਵਿੱਚ ਅਰੂਜ਼ ਦੇ ਅਰਬੀ ਦੇ ਰੁਕਨਾਂ ਨੂੰ ਪੰਜਾਬੀ ਵਿੱਚ ਬਦਲ ਕੇ ਸੌਖਾ ਕੀਤਾ ਹੋਇਆ ਹੈ।
4. ਪਿੰਗਲ ਦਰਪਣ – ਡਾ. ਜਸਵੰਤ ਬੇਗੋਵਾਲ – ਇਹ ਕਿਤਾਬ ਪਿੰਗਲ ਬਾਰੇ ਅਣਮੁੱਲੀ ਜਾਣਕਾਰੀ ਦਾ ਉੱਤਮ ਸਰੋਤ ਹੈ।

Punjabi Poetry Part 01 – ਪਿੰਗਲ – ਮੁੱਢਲੀ ਜਾਣਕਾਰੀ

[youtube http://www.youtube.com/watch?v=5sOaZdVi_7o&w=560&h=315]
ਇਸ ਵਿਡੀਓ ਦੇ ਵਿੱਚ ‘ਪਿੰਗਲ’ ਦੇ ਮੁੱਢਲੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪਿੰਗਲ ਅਤੇ ਅਰੂਜ਼ ਬਾਰੇ ਡੂੰਘਾ ਗਿਆਨ ਹਾਸਿਲ ਕਰਨ ਦੇ ਚਾਹਵਾਨਾਂ ਲਈ ਮੈਂ ਹੇਠਾਂ ਕੁੱਝ ਕਿਤਾਬਾਂ ਦੇ ਨਾਮ ਵੀ ਲਿਖ ਦਿੱਤੇ ਹਨ। ਜੇਕਰ ਤੁਸੀਂ ਭਾਰਤ ਵਿੱਚ ਹੋ ਤਾਂ ਇਹ ਕਿਤਾਬਾਂ ਨਿਊ ਬੁੱਕ ਕੰਪਨੀ, ਮਾਈ ਹੀਰਾਂ ਗੇਟ ਜਲੰਧਰ ਤੋਂ ਮਿਲ਼ ਸਕਦੀਆਂ ਹਨ। ਧੰਨਵਾਦ।

1. ਪਿੰਗਲ ਤੇ ਅਰੂਜ਼ – ਪ੍ਰੋ. ਜੋਗਿੰਦਰ ਸਿੰਘ -ਇਹ ਕਿਤਾਬ ਪੰਜਾਬੀ ਵਿੱਚ ਸਭ ਤੋਂ ਪਹਿਲੀ ਤੇ ਹੋਰ ਸਭ ਕਿਤਾਬਾਂ ਤੋਂ ਉਤਮ ਕਿਰਤ ਹੈ। ਜੇ ਇੱਕ ਕਿਤਾਬ ਹੀ ਪੜ੍ਹਨੀ ਹੋਵੇ ਤਾਂ ਇਹ ਜ਼ਰੂਰ ਪੜ੍ਹੋ।
2. ਸੰਪੂਰਨ ਪਿੰਗਲ ਅਤੇ ਅਰੂਜ਼ – ਸੁਲੱਖਣ ਸਰਹੱਦੀ -ਇਸ ਕਿਤਾਬ ਵਿੱਚ ਪਿੰਗਲ ਅਤੇ ਅਰੂਜ਼ ਦੇ ਨਿਯਮਾਂ ਨੂੰ ਚਾਰਟਾਂ ਵਿੱਚ ਵਿਖਾ ਕੇ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।)
3. ਗ਼ਜ਼ਲ – ਅਰੂਜ਼ ਤੇ ਪਿੰਗਲ – ਡਾ. ਐੱਸ ਤਰਸੇਮ – ਇਸ ਕਿਤਾਬ ਵਿੱਚ ਅਰੂਜ਼ ਦੇ ਅਰਬੀ ਦੇ ਰੁਕਨਾਂ ਨੂੰ ਪੰਜਾਬੀ ਵਿੱਚ ਬਦਲ ਕੇ ਸੌਖਾ ਕੀਤਾ ਹੋਇਆ ਹੈ।
4. ਪਿੰਗਲ ਦਰਪਣ – ਡਾ. ਜਸਵੰਤ ਬੇਗੋਵਾਲ – ਇਹ ਕਿਤਾਬ ਪਿੰਗਲ ਬਾਰੇ ਅਣਮੁੱਲੀ ਜਾਣਕਾਰੀ ਦਾ ਉੱਤਮ ਸਰੋਤ ਹੈ।

ਲਹਿਣੇਦਾਰੋ

ਆਉ ਮੇਰੇ ਲਹਿਣੇਦਾਰੋ ਕਰਜ਼ ਥੋਡਾ ਲਾਹ ਦਿਆਂ
ਵੇਚ ਕੇ ਇਖ਼ਲਾਕ ਹੁਣ ਹੱਥ ਬਹੁਤ ਸੌਖਾ ਹੋ ਗਿਆ
ਦੱਸਣਾ ਥੋਡਾ ਕਿਵੇਂ ਤੇ ਕਿਸ ਜਗ੍ਹਾ ਮਨ ਪਰਚਦਾ
ਦਿਲ ਜ਼ਰਾ ਭਰਿਆ ਜਿਹਾ ਜਿਉਣਾ ਹੀ ਔਖਾ ਹੋ ਗਿਆ

ਹਾਰ ਗਲ਼ ਨੂੰ ਮਿਲ਼ ਗਏ ਤੇ ਹਾਰ ਮਨ ਨੂੰ ਖਾਰ ਦੀ
ਨਕਲੀਆਂ ਦੇ ਹੇਠ ਮੇਰਾ ਅਸਲ ਚਿਹਰਾ ਜਲ਼ ਰਿਹਾ
ਜਿੱਤ ਦੇ ਜਸ਼ਨਾਂ ‘ਚ ਬੈਠਾ ਕਰ ਰਿਹਾਂ ਮਹਿਸੂਸ ਮੈਂ
ਮਨ ਬੜਾ ਏ ਝੂਰਦਾ ਕਿ ਬਹੁਤ ਧੋਖਾ ਹੋ ਗਿਆ

ਚਹੁੰ ਦਿਸ਼ਾਵਾਂ ਤੋਂ ਹੀ ਦੇ ਕੇ ਤੋਰਤੇ ਵੱਖਰੇ ਹੁਕਮ
ਆ ਮਿਲ਼ੇ ਧਰਤੀ ਦੇ ਸੀਨੇ ‘ਤੇ ਜਦੋਂ ਤਾਂ ਭਿੜ ਪਏ
ਆਪ ਪੈਦਾ ਕਰ ਤੇ ਆਪੇ ਮਾਰ ਕੇ ਖ਼ੁਦ ਹੱਸਿਆ
ਕੀ ਕਰੇਗਾ ਆਦਮੀ ਰੱਬ ਹੀ ਅਨੋਖਾ ਹੋ ਗਿਆ

ਰਹਿਮ ਦਾ ਵਿਸ਼ਵਾਸ਼ ਸੀ ਜਿਸਨੂੰ ਪਿਆਰੇ ਬਾਪ ‘ਤੇ
ਓਸ ਦੇ ਵੀ ਪੈਰ ਜਦ ਧਰਤੀ ਤੋਂ ਉੱਚੇ ਹੋ ਗਏ
ਮਰ ਗਿਆ ਭੁੱਖਾ ਪਿਆਸਾ ਅੰਬਰਾਂ ਵਲ ਚੀਕਦਾ
ਕੀ ਇਹ ਰੱਬਾ ਹੋ ਗਿਆ, ਓ ਕੀ ਇਹ ਲੋਕਾ ਹੋ ਗਿਆ।

-ਸੰਗਤਾਰ

ਖੋਟ ਸੋਨਾ

Khot Sona

ਖੋਟ ਸੋਨਾ ਖ਼ੂਨ ਦੇ ਵਿੱਚ ਖੁਰ ਗਿਆ
ਤਾਲ ਮਨ ਚੋਂ ਗਲ਼ ਵਿੱਚੋਂ ਉਡ ਸੁਰ ਗਿਆ

ਇਸ਼ਕ ਦੀ ਮੰਜ਼ਿਲ ਅਧੂਰੀ ਰਹਿ ਗਈ
ਠਿੱਲਣੋਂ ਪਹਿਲਾਂ ਹੀ ਕੱਚਾ ਭੁਰ ਗਿਆ

Continue reading