ਫਰਕ ਹੈ

ਧਾਰ ਵਿੱਚ ਤੇ ਨੋਕ ਵਿੱਚ ਕੁੱਝ ਫਰਕ ਹੈ
ਤੇਰੀ ਮੇਰੀ ਸੋਚ ਵਿੱਚ ਕੁੱਝ ਫਰਕ ਹੈ

ਸੌ ਕਹੋ ਕੁੱਝ ਫਰਕ ਨਾ ਕੁੱਝ ਫਰਕ ਨਾ
ਮਹਿਲ ਵਿੱਚ ਤੇ ਢੋਕ ਵਿੱਚ ਕੁੱਝ ਫਰਕ ਹੈ

ਮਰ ਗਿਆਂ ਨੂੰ ਪੁੱਛ ਪੁਸ਼ਟੀ ਕਰਨਗੇ
ਲੋਕ ਤੇ ਪਰਲੋਕ ਵਿੱਚ ਕੁੱਝ ਫਰਕ ਹੈ

ਕੋਈ ਵੀ ਆਜ਼ਾਦ ਪੂਰਾ ਨਾ ਸਹੀ
ਰੋਕ ਵਿੱਚ ਤੇ ਟੋਕ ਵਿੱਚ ਕੁੱਝ ਫਰਕ ਹੈ

ਲੱਗ ਗਏ ਤੀਹ ਸਾਲ ਇਹ ਗੱਲ ਸਿੱਖਦਿਆਂ
ਥੰਮਸ-ਅੱਪ ਤੇ ਕੋਕ ਵਿੱਚ ਕੁੱਝ ਫਰਕ ਹੈ

ਕੋਕ ਪੀਣਾ ਵਰਤਣਾ ਗੱਲ ਹੋਰ ਹੈ
ਕੋਕ ਵਿੱਚ ਤੇ ਕੋਕ ਵਿੱਚ ਕੁੱਝ ਫਰਕ ਹੈ

ਇੱਕ ਤਾਂ ਅੰਦਾਜ਼ ਇੱਕ ਇਤਿਹਾਸ ਹੈ
ਫੰਕ ਵਿੱਚ ਤੇ ਫੋਕ ਵਿੱਚ ਕੁੱਝ ਫਰਕ ਹੈ

ਜ਼ਹਿਰ ਤੇ ਅਮ੍ਰਿਤ ’ਚ ਏਨਾ ਭੇਦ ਹੈ
ਅੰਬ ਰਸ ਤੇ ਡ੍ਹੋਕ ਵਿੱਚ ਕੁੱਝ ਫਰਕ ਹੈ।

-ਸੰਗਤਾਰ