ਬੌਰਾ ਜਿਹਾ ਇਨਸਾਨ

ਤੇਹ ਹੈ ਅਤੇ ਚਸ਼ਮਾਂ ਵੀ ਹੈ ਪਰ ਛਲ਼ ਕਿਤੇ ਵਿਦਮਾਨ ਹੈ
ਮਾਰੂਥਲਾਂ ਵਿੱਚ ਭਟਕਦਾ ਬੌਰਾ ਜਿਹਾ ਇਨਸਾਨ ਹੈ

ਤਨ ਦਾ ਜੇ ਸ਼ੀਸ਼ਾ ਸਾਫ਼ ਹੈ ਤਾਂ ਮੈਲ਼ ਰੂਹ ਦੀ ਮਾਫ਼ ਹੈ
ਅੱਜ ਦਾ ਇਹੀ ਇਨਸਾਫ਼ ਹੈ ਇਹ ਆਖਦਾ ਸੰਵਿਧਾਨ ਹੈ

ਡੁੱਬੀ ਲਹੂ ਵਿੱਚ ਤੇਗ ਨੂੰ ਫਸਲਾਂ ਤੇ ਚੋਂਦੇ ਮੇਘ ਨੂੰ
ਜਾਂ ਤੜਫਦੇ ਨੇ ਦੇਵਤੇ ਜਾਂ ਤਰਸਦਾ ਕਿਰਸਾਨ ਹੈ

ਮਨ ਵਿੱਚ ਕਪਟ ਦੇ ਖਾਲ਼ ਨੇ, ਸਾਬਤ ਮਗਰ ਸਿਰ ਵਾਲ਼ ਨੇ
ਤੇ ਲਟਕਦੀ ਖੁੰਢੀ ਜਿਹੀ ਰਸਮੀ ਜਿਹੀ ਕਿਰਪਾਨ ਹੈ

ਪੂਰੇ ਸਹੀ ਸਾਰੇ ਸ਼ਗਨ ਪਰ ਨਾ ਮਿਲ਼ੀ ਮਨ ਨੂੰ ਲਗਨ
ਏਸੇ ਲਈ ਰਹਿੰਦੇ ਮਗਨ ਕਿ ਜਾਨ ਹੀ ਧਨ ਮਾਨ ਹੈ

ਮੁੱਢ ਤੋਂ ਹੀ ਜਿਗਰੀ ਯਾਰ ਸਨ ਗੋਲ਼ੀ ਇੱਕੋ ਦੀ ਮਾਰ ਸਨ
ਪਰ ਜੱਟ ਤੇ ਚਮਿਆਰ ਸਨ ਵੱਖ ਇਸ ਲਈ ਸ਼ਮਸ਼ਾਨ ਹੈ

ਧਨ ਜੱਗ ਦਾ ਤਨ ਅੱਗ ਦਾ ਰੂਹ ਰੱਬ ਦੀ ਪਰ ਲੱਗਦਾ
ਫਿਰ ਵੀ ਅਜੇ ਤੱਕ ਸੁਲ਼ਗਦਾ ਮਨ ਵਿੱਚ ਇਹੋ ਅਰਮਾਨ ਹੈ

ਕਿ ਲਟਕਦੀ ਕਿਰਪਾਨ ਦੇ ਬੌਰੇ ਜਿਹੇ ਇਨਸਾਨ ਦੇ
ਕਿਰਸਾਨ ਦੇ ਸ਼ਮਸ਼ਾਨ ਦੇ ਮਨ ਵਿੱਚ ਅਮਨ-ਅਮਾਨ ਹੈ।

-ਸੰਗਤਾਰ