ਮਿੱਟੀ ਦਾ ਪਿਆਰ

0911-sinking-ship

ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ

ਉਹ ਲੋਕ ਜੋ ਲੱਭਦੇ ਫਿਰਦੇ ਨੇ ਟੁੱਟੇ ਹੋਏ ਟੁਕੜੇ ਤਾਰਿਆਂ ਦੇ
ਮੈਨੂੰ ਪਤਾ ਹੈ ਰਾਤੀਂ ਝੋਲ਼ੇ ਵਿੱਚ ਕੁੱਝ ਪੱਥਰ ਲੈ ਘਰ ਜਾਵਣਗੇ

 ਜੁਗਨੂੰ ਨੂੰ ਕੱਟ ਕੇ ਲੱਭ ਸਕਦੈ ਕੋਈ ਖੋਜੀ ਕਾਰਣ ਜਗਣੇ ਦਾ
ਪਰ ਤੜਪ ਇਕੱਠੇ ਚਮਕਣ ਦੀ ਦਾ ਭੇਦ ਕਵੀ ਹੀ ਪਾਵਣਗੇ

ਜਿਨ੍ਹਾਂ ਸੌਦਾ ਵੇਚ ਕੇ ਸੌਂ ਜਾਣਾ ਉਨ੍ਹਾਂ ਨੂੰ ਸਮਝ ਇਹ ਨਹੀਂ ਆਉਣਾ
ਕਿੰਜ ਰੁੱਖਾਂ ਰੋਣਾ ਉਸ ਵੇਲ਼ੇ ਜਦ ਅੰਬਰੀਂ ਬੱਦਲ਼ ਛਾਵਣਗੇ

ਜਿੰਨਾ ਕੋਈ ਦਿਲ ਦਾ ਸੌੜਾ ਏ ਬਣੇ ਉੱਨਾ ਦੇਸ਼ ਭਗਤ ਜ਼ਿਆਦਾ
ਨਫ਼ਰਤ ਦੀ ਭਰ ਕੇ ਪਿਚਕਾਰੀ ਰੈਲੀ ਵਿੱਚ ਰੰਗ ਵਿਖਾਵਣਗੇ

ਗੱਲ ਮਾਨਵਤਾ ਦੀ ਕਰਦੇ ਜੋ ਧਰਮਾਂ ਦੇ ਪਿੱਠੂ ਬਣਦੇ ਨਹੀਂ
ਜੋ ਸਿਜਦਾ ਸੱਚ ਨੂੰ ਕਰਦੇ ਨੇ ਪੁੱਠੇ ਉਹ ਸਭ ਲਟਕਾਵਣਗੇ

ਜਿਨ੍ਹਾਂ ਊੜਾ ਐੜਾ ਸਿੱਖਿਆ ਨਹੀਂ ਕੁੱਝ ਪੜ੍ਹਿਆ ਨਹੀਂ ਕੁੱਝ ਲਿਖਿਆ ਨਹੀਂ
ਜਿਹੜੇ ਦੁਸ਼ਮਣ ਬਾਕੀ ਬੋਲੀਆਂ ਦੇ ਉਹ ਆਪਣੀ ਕਿੰਞ ਬਚਾਵਣਗੇ

ਮੈਂ ਸੱਭਿਆਚਾਰ ਤੇ ਵਿਰਸੇ ਦੀ ਸੌ ਮੰਡੀ ਲੱਗਦੀ ਵੇਖੀ ਏ
ਨਿੱਤ ਦੀ ਬੇਸ਼ਰਮ ਨਿਲਾਮੀ ਤੋਂ ਇੱਕ ਦੋ ਕੀ ਦੇਸ਼ ਬਚਾਵਣਗੇ

ਤੂੰ ਘੱਟ ਕੀਤਾ, ਮੈਂ ਵੱਧ ਕੀਤਾ, ਤੂੰ ਦੋਸ਼ੀ ਏਂ, ਮੈਂ ਸਾਦਿਕ ਹਾਂ
ਡੁੱਬਦੇ ਸੰਗਤਾਰ ਜਹਾਜ਼ ਉੱਤੇ ਇੰਜ ਲੜਦੇ ਸਭ ਮਰ ਜਾਵਣਗੇ

ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ

-ਸੰਗਤਾਰ