Manmohan Waris’s – Dil Te Na Laeen

This is a brand new video of Manmohan Waris’s song Dil Te Na Laeen. I wrote the lyrics and composed the music. Sandeep Sharma directed the video. Many of the original musicians are also in the video including famous Dhole player Ustad Ramzan Khavra (Ramju). You can download this song here or get the full ‘Dil Te Na Laeen’ album here. Enjoy.

[youtube http://www.youtube.com/watch?v=iaPf7IVdwyU?rel=0&w=480&h=390]

ਲਹਿਣੇਦਾਰੋ

ਆਉ ਮੇਰੇ ਲਹਿਣੇਦਾਰੋ ਕਰਜ਼ ਥੋਡਾ ਲਾਹ ਦਿਆਂ
ਵੇਚ ਕੇ ਇਖ਼ਲਾਕ ਹੁਣ ਹੱਥ ਬਹੁਤ ਸੌਖਾ ਹੋ ਗਿਆ
ਦੱਸਣਾ ਥੋਡਾ ਕਿਵੇਂ ਤੇ ਕਿਸ ਜਗ੍ਹਾ ਮਨ ਪਰਚਦਾ
ਦਿਲ ਜ਼ਰਾ ਭਰਿਆ ਜਿਹਾ ਜਿਉਣਾ ਹੀ ਔਖਾ ਹੋ ਗਿਆ

ਹਾਰ ਗਲ਼ ਨੂੰ ਮਿਲ਼ ਗਏ ਤੇ ਹਾਰ ਮਨ ਨੂੰ ਖਾਰ ਦੀ
ਨਕਲੀਆਂ ਦੇ ਹੇਠ ਮੇਰਾ ਅਸਲ ਚਿਹਰਾ ਜਲ਼ ਰਿਹਾ
ਜਿੱਤ ਦੇ ਜਸ਼ਨਾਂ ‘ਚ ਬੈਠਾ ਕਰ ਰਿਹਾਂ ਮਹਿਸੂਸ ਮੈਂ
ਮਨ ਬੜਾ ਏ ਝੂਰਦਾ ਕਿ ਬਹੁਤ ਧੋਖਾ ਹੋ ਗਿਆ

ਚਹੁੰ ਦਿਸ਼ਾਵਾਂ ਤੋਂ ਹੀ ਦੇ ਕੇ ਤੋਰਤੇ ਵੱਖਰੇ ਹੁਕਮ
ਆ ਮਿਲ਼ੇ ਧਰਤੀ ਦੇ ਸੀਨੇ ‘ਤੇ ਜਦੋਂ ਤਾਂ ਭਿੜ ਪਏ
ਆਪ ਪੈਦਾ ਕਰ ਤੇ ਆਪੇ ਮਾਰ ਕੇ ਖ਼ੁਦ ਹੱਸਿਆ
ਕੀ ਕਰੇਗਾ ਆਦਮੀ ਰੱਬ ਹੀ ਅਨੋਖਾ ਹੋ ਗਿਆ

ਰਹਿਮ ਦਾ ਵਿਸ਼ਵਾਸ਼ ਸੀ ਜਿਸਨੂੰ ਪਿਆਰੇ ਬਾਪ ‘ਤੇ
ਓਸ ਦੇ ਵੀ ਪੈਰ ਜਦ ਧਰਤੀ ਤੋਂ ਉੱਚੇ ਹੋ ਗਏ
ਮਰ ਗਿਆ ਭੁੱਖਾ ਪਿਆਸਾ ਅੰਬਰਾਂ ਵਲ ਚੀਕਦਾ
ਕੀ ਇਹ ਰੱਬਾ ਹੋ ਗਿਆ, ਓ ਕੀ ਇਹ ਲੋਕਾ ਹੋ ਗਿਆ।

-ਸੰਗਤਾਰ

ਖੋਟ ਸੋਨਾ

Khot Sona

ਖੋਟ ਸੋਨਾ ਖ਼ੂਨ ਦੇ ਵਿੱਚ ਖੁਰ ਗਿਆ
ਤਾਲ ਮਨ ਚੋਂ ਗਲ਼ ਵਿੱਚੋਂ ਉਡ ਸੁਰ ਗਿਆ

ਇਸ਼ਕ ਦੀ ਮੰਜ਼ਿਲ ਅਧੂਰੀ ਰਹਿ ਗਈ
ਠਿੱਲਣੋਂ ਪਹਿਲਾਂ ਹੀ ਕੱਚਾ ਭੁਰ ਗਿਆ

Continue reading

ਤਾਨਸੈਨ ਦੀ ਕਬਰ ’ਤੇ

Tansen Di Kabar Te

ਤਾਨਸੈਨ ਦੀ ਕਬਰ ’ਤੇ ਉੱਗੀ ਇਮਲੀ ਦੇ ਖਾ ਪੱਤੇ
ਲੇਲਾ ਇੱਕ ਜੁਗਾਲ਼ੀ ਕਰਦਾ ਸੋਚੇ ਰਾਗਾਂ ਬਾਰੇ

ਇਹ ਲੇਲਾ ਕਿ ਔਹ ਲੇਲਾ ਜਾਂ ਬੱਕਰੀ ਚਿੱਟੀ ਕਾਲ਼ੀ
ਭਲ਼ਕੇ ਈਦ ’ਤੇ ਕਿਸ ਦੀ ਵਾਰੀ ਮਾਲਿਕ ਬੈਠ ਵਿਚਾਰੇ

ਅੱਗ ਵਿੱਚ ਸੜ ਕੇ ਕੋਲਾ ਹੋ ਗਈ ਫਿਰ ਵੀ ਸ਼ਕਲ ਸਬੂਤੀ Continue reading

ਰੁਸ਼ਨਾਉਣੇ ਪੈਂਦੇ ਨੇ

ਨ੍ਹੇਰੇ ਦੇ ਵਿੱਚ ਸਾਹ ਰੁਸ਼ਨਾਉਣੇ ਪੈਂਦੇ ਨੇ
ਖੁਦ ਜਲ਼ ਜਲ਼ ਕੇ ਰਾਹ ਰੁਸ਼ਨਾਉਣੇ ਪੈਂਦੇ ਨੇ

ਕੋਈ ਤੀਲੀ ਸੀਨੇ ਵਿੱਚ ਜਾ ਸਕਦੀ ਨਾ
ਦਿਲ ਦੇ ਦੀਵੇ ਗਾ ਰੁਸ਼ਨਾਉਣੇ ਪੈਂਦੇ ਨੇ

ਨਹੀਂ ਤਾਂ ਏਥੇ ਸਤਯੁਗ ਹੀ ਆ ਜਾਵੇਗਾ
ਅੱਗ ਵਿੱਚ ਸੁੱਟ ਗਵਾਹ ਰੁਸ਼ਨਾਉਣੇ ਪੈਂਦੇ ਨੇ

ਸੱਚ ਤਾਂ ਰੌਸ਼ਨ ਹੁੰਦਾ ਏ ਬਸ ਸੱਚਿਆਂ ਲਈ
ਝੂਠੇ ਬਿਨ ਮਨਸ਼ਾ ਰੁਸ਼ਨਾਉਣੇ ਪੈਂਦੇ ਨੇ

ਨ੍ਹੇਰੀ ਜ਼ਿੰਦਗੀ ਵਿੱਚ ਤੇਰਾ ਰਾਹ ਵੇਖਣ ਨੂੰ
ਸਾਨੂੰ ਅਪਣੇ ਚਾਅ ਰੁਸ਼ਨਾਉਣੇ ਪੈਂਦੇ ਨੇ

ਚਾਹੁੰਦੇ ਨਹੀਂ ਪਰ ਵਿੱਚ ਵਿੱਚ ਟੁਕੜੇ ਯਾਦਾਂ ਦੇ
ਦਮ ਰੱਖਣ ਲਈ ਤਾਅ ਰੁਸ਼ਨਾਉਣੇ ਪੈਂਦੇ ਨੇ।

-ਸੰਗਤਾਰ

ਵਾਪਿਸੀ

ਇੰਗਲੈਂਡ ਦਾ ਟੂਰ ਪੂਰਾ ਕਰ ਕੇ ਵਾਪਿਸ ਆ ਚੁੱਕਾ ਹਾਂ। ਸਾਰੇ ਹੀ ਪੰਜਾਬੀਆਂ ਵਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ। ਸਾਰੇ ਹੀ ਸ਼ੋਅ ਬਹੁਤ ਹੀ ਵਧੀਆ ਗਏ।

ਇਸ ਅਰਸੇ ਦੇ ਵਿੱਚ ਦੋਵੇਂ ਹੀ ਬਲਾਗਾਂ (ਸੰਗੀਤ ਤੇ ਕਵਿਤਾ) ਅਣਗੌਲੀਆਂ ਰਹਿ ਗਈਆਂ। ਪਿਛਲੇ ਮਹੀਨੇ ਵਿੱਚ ਮੈਂ ਕਈ ਕੁੱਝ ਨਵਾਂ ਲਿਖਿਆ ਹੈ। ਸਿਰਫ ਇੱਕ ਦੋ ਦਿਨ ਵਿੱਚ ਹੀ ਉਹ ਸਭ ਟਾਈਪ ਕਰਕੇ ਨਵੀਆਂ ਕਵਿਤਾਵਾਂ ਤੇ ਗਜ਼ਲਾਂ ਪੋਸਟ ਕਰਾਂਗਾ।

ਧੰਨਵਾਦ

ਰੁੱਖਾਂ ਨੇ…

ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ
’ਵਾ ਦੀ ਸ਼ੂਕਰ ਸਮਝ ਨਾ ਆਈ ਬੰਦੇ ਨੂੰ

ਕਿੰਨੀ ਵਾਰੀ ਬੰਦੇ ਕੋਲ਼ੋਂ ਪੜ੍ਹ ਪੜ੍ਹ ਕੇ
ਬੰਦਿਆਂ ਸਿੱਖਿਆ ਹੋਰ ਪੜ੍ਹਾਈ ਬੰਦੇ ਨੂੰ

ਕਰ ਕਰ ਖੋਜਾਂ ਅਕਲ ਵਧਾਈ ਜਾਂਦਾ ਏ
ਕੀਤਾ ਅਕਲ ਦੀ ਖੋਜ ਸ਼ੁਦਾਈ ਬੰਦੇ ਨੂੰ

ਪਰਖ ਰਿਹਾ ਸਤ ਪੱਤੇ ਫਲ਼ ਤੇ ਫੁੱਲਾਂ ਦੇ
ਰੁੱਖ ਬਣਾਈ ਜ਼ਹਿਰ ਦੁਆਈ ਬੰਦੇ ਨੂੰ

ਜਾਂ ਲੁੱਟੂ ਜਾਂ ਮਾਰੂ ਜਾਂ ਪਰਸ਼ਾਨ ਕਰੂ
ਕਿੰਨੀ ਮੁਸ਼ਕਿਲ ਬੰਦੇ ਪਾਈ ਬੰਦੇ ਨੂੰ

ਭਰਮ ਭੁਲੇਖੇ ਕੱਢਣ ਖਾਤਿਰ ਬੰਦਿਆਂ ਨੇ
ਰੱਬ ਦੇ ਨਾਂ ਦੀ ਰੱਟ ਲਗਵਾਈ ਬੰਦੇ ਨੂੰ।

-ਸੰਗਤਾਰ

ਫਿਰਦੇ ਨੇ

ਆਪ ਕਟਾ ਕੇ ਵਾਲ਼ ਬਲੀਚ ਕਰਾਉਣ ਨੂੰ ਫਿਰਦੇ ਨੇ
‘ਕਲਚਰ ਬਚ ਜਏ’ ਕੁੜੀ ਦੀ ਜੀਨ ਲਹਾਉਣ ਨੂੰ ਫਿਰਦੇ ਨੇ

ਸ਼ੌਂਕੀ ਸਾਹਿਤ ਦਾ ਤਾਂ ਇੱਥੇ ਲੱਭਿਆਂ ਮਿਲ਼ਦਾ ਨਹੀਂ
ਪਰ ਮੋੜਾਂ ਤੇ ਮੀਲ ਪੱਥਰ ਲਗਵਾਉਣ ਨੂੰ ਫਿਰਦੇ ਨੇ

ਕਈ ਵਾਰੀ ਦਿਲ ਏਨਾ ਦੁਖੇ ਕਿ ਹਾਲਤ ਪੁੱਛੋ ਨਾ
‘ਪੰਜਾਬੀ’ ਜੱਜੇ ਪੈਰ ‘ਚ ਬਿੰਦੀ ਪਾਉਣ ਨੂੰ ਫਿਰਦੇ ਨੇ

ਸਾਂਝੀ ਬੋਲੀ ਸਾਂਝੀ ਧਰਤੀ ਸਾਂਝੇ ਪਾਣੀ ਤੇ
ਧਰਮ ਦੀ ਕੂਚੀ ਲੈ ਕੇ ਲੀਕਾਂ ਵਾਹੁਣ ਨੂੰ ਫਿਰਦੇ ਨੇ

ਸੂਝਵਾਨ ਤਾਂ ਡਰਦੇ ਹੀ ਇਸ ਵੱਡੇ ਟੋਲੇ ਤੋਂ
ਪੇਪਰ ਤੁੰਨ ਝੋਲ਼ੇ ਵਿੱਚ ਜਾਨ ਬਚਾਉਣ ਨੂੰ ਫਿਰਦੇ ਨੇ

ਗੀਤਾਂ, ਗਜ਼ਲਾਂ ਗਲਪ ਬਿਨਾ ਕੀ ਬਚੂ ਪੰਜਾਬੀ ਦਾ
ਪਤਾ ਨਹੀਂ, ਪਰ ਇਸ ਤੇ ਮਰਨ ਮਰਾਉਣ ਨੂੰ ਫਿਰਦੇ ਨੇ

-ਸੰਗਤਾਰ

ਹਰ ਫੁੱਲ ਦੀਆਂ ਸੁਗੰਧੀਆਂ

ਹਰ ਫੁੱਲ ਦੀਆਂ ਸੁਗੰਧੀਆਂ ਮਨ ਨੂੰ ਭਾਉਂਦੀਆਂ ਨਹੀਂ
ਸਭ ਸੱਜਣਾਂ ਦੀਆਂ ਸੰਗਤਾਂ ਸਦਾ ਸੁਹਾਂਦੀਆਂ ਨਹੀਂ

ਉੱਡ  ਉੱਡ ਦਿਲ ਦੇ ਟੁਕੜੇ ਜਾਣ ਤਾਂ ਕਈ ਪਾਸੇ
ਹਰ ਪਾਸੇ ਤੋਂ ਠੰਡੀਆਂ ‘ਵਾਵਾਂ ਆਉਂਦੀਆਂ ਨਹੀਂ

ਕਿੰਨੇ ਜਲਣ ਪਤੰਗੇ ਸੜ ਕੇ  ਲਾਟਾਂ ਤੇ
ਕੀ ਮਾਵਾਂ ਤੋਰਨ ਵੇਲੇ ਕੁਛ ਸਮਝਾਉਂਦੀਆਂ ਨਹੀਂ

ਲਿਖ ਲੈ ਉੱਠ ਕੇ  ਇੱਕ ਦੋ ਗੀਤ ਮੁਹੱਬਤ ਦੇ
ਕਾਲ਼ੀਆਂ ਏਦਾਂ ਰੋਜ਼ ਘਟਾਵਾਂ ਛਾਉਂਦੀਆਂ ਨਹੀਂ

ਉੱਠਦਿਆਂ ਸਾਰ ਹੀ ਸੁਪਨੇ ਦੀ ਖ਼ੁਸ਼ਬੋ ਮਰ ਗਈ
ਸੌਂਦੀਆਂ ਜਦੋਂ ਬਹਾਰਾਂ ਨੀਂਦਾਂ ਆਉਂਦੀਆਂ ਨਹੀਂ

-ਸੰਗਤਾਰ

ਡਾ. ਜਗਤਾਰ ਨਹੀਂ ਰਹੇ

ਪੰਜਾਬੀ ਸਾਹਿਤ ਨੂੰ ਮੋਹ ਕਰਨ ਵਾਲਿਆਂ ਲਈ ਬੜੇ ਦੁੱਖ ਵਾਲੀ ਖਬਰ ਹੈ ਕਿ ਪੰਜਾਬੀ ਸ਼ਾਇਰ, ਸਾਹਿਤਕਾਰ, ਅਲੋਚਕ ਅਤੇ ਖੋਜੀ ਡਾ. ਜਗਤਾਰ ਕੱਲ ਦਮੇ ਤੇ ਸ਼ੂਗਰ ਦੀ ਬਿਮਾਰੀ ਨਾਲ਼ ਜੂਝਦੇ ਹੋਏ ਦਮ ਤੋੜ ਗਏ। ਮੈਂ ਹਾਲੇ ਇੱਕ ਮਹਿਨਾ ਪਹਿਲਾਂ ਹੀ ਉਹਨਾਂ ਨੂੰ ਮਿਲ਼ ਕੇ ਆਇਆ ਹਾਂ। ਉਹਨਾਂ ਦੇ ਸ਼ੇਅਰ ਅਤੇ ਉਹਨਾਂ ਦਾ ਸੰਗਠਤ ਕੀਤਾ ਹੋਇਆ ਪੰਜਾਬੀ ਸੂਫੀ ਕਾਵਿ ਸਦੀਆਂ ਤੱਕ ਪੰਜਾਬੀਆਂ ਦੇ ਮਨ ਵਿੱਚ ਗੂੰਜਦੇ ਰਹਿਣਗੇ । ਇੱਥੇ  ਉਹਨਾਂ ਦੀ ਇੱਕ ਗ਼ਜ਼ਲ ਦੇ ਕੁੱਝ ਸ਼ੇਅਰ ਦਰਜ ਕਰ ਰਿਹਾਂ ਹਾਂ:

ਮੈਂ ਕਿਤੇ ਰੁਕਣਾ ਨਹੀਂ, ਛਾਵਾਂ ਸਰਾਵਾਂ ਵਿੱਚ ਕਦੇ
ਹਮਸਫਰ ਰਸਤੇ ‘ਚ ਕੋਈ ਰਹਿ ਲਵੇ ਤਾਂ ਰਹਿ ਲਵੇ

ਮੈਂ ਕਰਾਂਗਾ ਸਭ ਨਬੇੜੇ ਬੈਠ ਕੇ ਸੂਰਜ ਦੇ ਨਾਲ਼
ਛਾਂ ਤੇਰੀ ਦੀਵਾਰ ਦੀ ਕੁੱਝ ਹੋਰ ਥੱਲੇ ਲਹਿ ਲਵੇ

ਮੇਰਾ ਦਿਲ ਦਰਿਆ ਹੈ, ਫੱਲਾਂ ਦੇ ਨਾ ਮੌਸਮ ਤੋਂ ਡਰੇ
ਮੇਰੇ ਘਰ ਅੰਦਰ ਖਿਜ਼ਾਂ ਬੇਖੌਫ ਹੋ ਕੇ ਰਹਿ ਲਵੇ

-ਡਾ. ਜਗਤਾਰ