ਤਸਵੀਰ

ਜੋਰਾਵਰ ਫਤਿਹ ਦੀ ਅੱਖ ਮੁਸਕਾ ਰਹੀ ਹੈ
ਮਾਂ ਗੁਜਰੀ ਇੱਕ ਪਾਸੇ ਰੱਬ ਧਿਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਆਪਾਂ ਜੱਗ ਨੂੰ ਕਹਿੰਦੇ ਹਾਂ ਇਹ ਸਾਡੇ ਪੁਰਖੇ
ਕੀਤੇ ਪੱਧਰੇ ਰਾਹ ਜਿਹਨਾਂ ਸੂਲ਼ਾਂ ’ਤੇ ਤੁਰਕੇ
ਮਾਣ ਅਸਾਨੂੰ ਆਪਣੀ ਏਸ ਵਿਰਾਸਤ ਉੱਤੇ
ਇਨ੍ਹਾਂ ਕਰਕੇ ਤੁਰਦੇ ਹਾਂ ਸਿਰ ਕਰਕੇ ਉੱਚੇ
ਅੱਜ ਪਤਾ ਨ੍ਹੀਂ ਕਿਉਂ ਸ਼ਰਮ ਜਿਹੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਅੱਜ ਵਰਗਾ ਉਹ ਦਿਨ ਵੀ ਇੰਞ ਹੀ ਚੜ੍ਹਿਆ ਹੋਣਾ
ਤ੍ਰੇਲ ਨੇ ਹੰਝੂਆਂ ਵਾਂਗ ਫੁੱਲਾਂ ਨੂੰ ਫੜਿਆ ਹੋਣਾ
ਜਿਉਂ ਜਿਉਂ ਕਦਮ ਜੁਆਕਾਂ ਕੰਧ ਵੱਲ ਪੁੱਟੇ ਹੋਣੇ
ਧੂੜ ਦੇ ਛੋਟੇ ਛੋਟੇ ਬੱਦਲ਼ ਉੱਠੇ ਹੋਣੇ
ਗਰਦ ਉਹ ਮੇਰੇ ਗਲ਼ ਨੂੰ ਚੜ੍ਹਦੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਇੱਟਾਂ ਠੰਡੀਆਂ ਠੰਡੀਆਂ ਨਾਲ਼ੇ ਗਾਰਾ ਠੰਡਾ
ਤਨ ਕਰ ਦਿੱਤਾ ਹੋਣਾ ਚਿਣਗਾਂ ਸਾਰਾ ਠੰਡਾ
ਗੋਡੇ ਗੋਡੇ ਉੱਸਰੀ ਕੰਧ ’ਚ ਲੱਤਾਂ ਜੜੀਆਂ
ਸ਼ਾਇਦ ਵੇਖੀਆਂ ਹੋਣ ਹਿਲਾ ਰਦਿਆਂ ਨੇ ਫੜੀਆਂ
ਭਾਰ ਚੀਜ਼ ਕੋਈ ਤਨ ਮੇਰੇ ਤੇ ਪਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਘੁੱਟ ਘੁੱਟ ਕੇ ਇੱਟਾਂ ਜਦ ਛਾਤੀ ਤੀਕਰ ਆਈਆਂ
ਜਿਸਮ ਹਿਲਾ ਲਾਚਾਰ ਵੇਖਿਆ ਹੋਊ ਭਾਈਆਂ
ਛਾਤੀ ਦੇ ਵਿੱਚ ਘੁੱਟੀ ਹਵਾ ਜੋ ਤੰਗ ਹੋਏਗੀ
ਗਿੱਲੀਆਂ ਇੱਟਾਂ ਦੀ ਉਹਦੇ ਵਿੱਚ ਗੰਧ ਹੋਏਗੀ
ਗੰਧ ਉਹ ਮੇਰੇ ਸਿਰ ਨੂੰ ਕਿਉਂ ਘੁਮਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਘੁੱਟਿਆ ਸਾਹ ਬੇਹੋਸ਼ ਗੁਰੂ ਦੇ ਲਾਲ ਹੋ ਗਏ
ਹੁਣ ਤੱਕ ਸੰਭਲ਼ੇ ਕਾਤਲ ਵੀ ਬੇਹਾਲ ਹੋ ਗਏ
ਦੋ ਮਾਸੂਮ ਦਿਲਾਂ ਦੀ ਧੜਕਣ ਬੰਦ ਹੋ ਗਈ
ਰਾਜ ਬਣੇ ਹਤਿਆਰੇ ਕਾਤਿਲ ਕੰਧ ਹੋ ਗਈ
ਕਿਉਂ ਹੋਏ? ਇਹ ਗੱਲ ਮਨ ਨੂੰ ਉਲ਼ਝਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਵਿੱਚ ਸਰਹੰਦ ਦੇ ਦੋ ਬੱਚਿਆਂ ਦੀਆਂ ਪਈਆਂ ਲ਼ਾਸ਼ਾਂ
ਕੁਝ ਦੂਰੀ ਤੇ ਮਾਂ ਗੁਜਰੀ ਦੀਆਂ ਢਈਆਂ ਆਸਾਂ
ਸਾਰੇ ਜਗਤ ਖੜੋ ਕੇ ਇੱਕ ਦੋ ਹੰਝੂ ਕੇਰੇ
ਫਿਰ ਆਪਣੇ ਕੰਮ ਤੁਰ ਪਏ ਭੁੱਲ ਕੇ ਨੀਲੇ ਚਿਹਰੇ
‘ਕੁੱਝ ਨੀਂ੍ਹ ਏਥੇ’ ਮਾਂ ਪੁੱਤ ਨੂੰ ਸਮਝਾ ਰਹੀ ਏ
ਕੰਧ ਉਸਰਦੀ ਜਾ ਰਹੀ ਹੈ

ਰੱਬ ਦੀ ਰਜ਼ਾ ’ਚ ਹਿੰਦੂ ਮੁਸਲਮਾਨ ਤੇ ਸਿੱਖ ਨੇ
ਜੇ ਉਸਦੀ ਅੱਖ ਦੇ ਵਿੱਚ ਸਾਰੇ ਬੰਦੇ ਇੱਕ ਨੇ
ਕਿਉਂ ਇਤਹਾਸ ਸਾਰੇ ਦਾ ਫਿਰ ਹਰ ਲਾਲ ਸਫ਼ਾ ਏ
ਕਿਉਂ ਫਿਰ ਹਰ ਇੱਕ ਕੌਮ ਦੂਜੀ ਦੇ ਨਾਲ਼ ਖ਼ਫ਼ਾ ਏ
ਭੁੱਲ ਕੇ ਰਾਹ ਦੁਨੀਆਂ ਕਿਉਂ ਗੋਤੇ ਖਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ।

-ਸੰਗਤਾਰ