ਜਿਹਨੇ ਖੇਡ ਕੇ

ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ
ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ
ਹੱਥ ਫੜੀ ਨਾ ਕਦੇ ਗੁਲੇਲ ਹੋਵੇ
ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ
ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ
ਨੜਾ ਚੀਰ ਨਾ ਬੀਨ ਬਣਾ ਛੱਡੀ
ਮੁੰਜ ਬਗੜ ਸਰੁਹਾੜ ਕੀ ਖੜ ਕਾਹੀ
ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ

ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ
ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ
ਭਾਬੀ ਸੱਸ ਤੇ ਨਣਦ ਦੀ ਕੀ ਟੱਕਰ
ਅਜੇ ਕੌਣ ਕੁਆਰਾ ਤੇ ਛੜਾ ਕੀ ਏ
ਸੱਥ ਕੀ ਤੇ ਕੀ ਪੰਚਾਇਤ ਹੁੰਦੀ
ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ
ਏਕੜ ਖੇਤ ਘੁਮਾ ਤੇ ਕੀ ਪੈਲ਼ੀ
ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ

ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ
ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ
ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ
ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ
ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ
ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ
ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ
ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ

-ਸੰਗਤਾਰ

ਦਫ਼ਾ ਹੋ!

ਇੰਞ ਨਾ ਖ਼ਫ਼ਾ ਹੋ!
ਜਾਂ ਫਿਰ ਦਫ਼ਾ ਹੋ!

ਨਾਸੂਰ ਬਣ ਜਾ
ਅਹਿਲੇ-ਜ਼ਫ਼ਾ ਹੋ!

ਕੁਝ ਤੇ ਅਸਰ ਕਰ
ਘਟ ਜਾਂ ਨਫ਼ਾ ਹੋ!

ਜਾਂ ਮਜਨੂੰ ਬਣ ਜਾ
ਜਾਂ ਬੇ-ਵਫ਼ਾ ਹੋ!

ਕਾਲ਼ਖ ‘ਚ ਡੁੱਬਿਆ
ਚਿੱਟਾ ਸਫ਼ਾ ਹੋ!

-ਸੰਗਤਾਰ

ਮੌਜ ਮੇਲਾ ਮਸਤੀਆਂ

ਉੱਤੋਂ ਉੱਤੋਂ ਮੌਜ ਮੇਲਾ ਮਸਤੀਆਂ
ਸੀਨੇ ਅੰਦਰ ਤਲਖ਼ੀਆਂ ਹੀ ਤਲਖ਼ੀਆਂ

ਟਾਊਨਾਂ ਇਨਕਲੇਵਾਂ ਵਿੱਚ ਕੋਈ ਹੋਰ ਨੇ
ਸਾਡੇ ਪਿੰਡ ਮੁਹੱਲੇ ਨੱਗਰ ਬਸਤੀਆਂ

ਯਾਰਾਂ ਦਾ ਉਹ ਪੁਲ਼ ਬਣਾ ਕੇ ਤਰ ਗਿਆ
ਸਾਥੋਂ ਗਈਆਂ ਯਾਰੀਆਂ ਨਾ ਵਰਤੀਆਂ

ਖੱਟੀਆਂ ਜੋ ਇਸ਼ਕ ‘ਚੋਂ ਬਦਨਾਮੀਆਂ
ਸ਼ੋਹਰਤਾਂ ਦੀ ਮੰਡੀ ਦੇ ਵਿੱਚ ਖਰਚੀਆਂ

ਸ਼ੁਕਰ ਹੈ ਓਥੇ ਹੀ ਤੂੰ ਤੇ ਵੱਲ ਹੈਂ
ਤੈਨੂੰ ਲਿਖੀਆਂ ਚਿੱਠੀਆਂ ਨਾ ਪਰਤੀਆਂ

ਅਸੀਂ ਤਾਂ ਡਰਦੇ ਰਹੇ ਅਪਮਾਨ ਤੋਂ
ਅਣਜਾਣ ਸਾਂ ਕਿ ਇੱਜ਼ਤਾਂ ਨੇ ਸਸਤੀਆਂ

ਅੱਜ ਦੇ ਸਭ ਚੋਰ ਸਾਧੂ ਭਲ਼ਕ ਦੇ
ਵੇਖਿਓ ਹੁੰਦੀਆਂ ਕਿਵੇਂ ਨੇ ਭਗਤੀਆਂ

ਜਦ ਕਦੇ ਸੀ ਮਿਲ਼ਦਾ ਉਹ ਸੰਗਤਾਰ ਨੂੰ
ਮੰਗਦਾ ਸੀ ਸੌ ਦੀਆਂ ਕੁੱਝ ਪਰਚੀਆਂ

ਉਮਰ ਲਗਦੀ ਸੀ ਉਦੋਂ ਵੱਡਾ ਪਹਾੜ
ਹੁਣ ਚੇਤੇ ਆਉਂਦੀਆਂ ਨੇ ਗ਼ਲਤੀਆਂ

-ਸੰਗਤਾਰ

ਕਰਾਉਣਾ ਉਦੋਂ ਯਾਦ

ਜਦੋਂ ਹੰਝੂ ਡੁੱਲ੍ਹ ਗਏ, ਕਰਾਉਣਾ ਉਦੋਂ ਯਾਦ
ਜਦੋਂ ਯਾਦਾਂ ਭੁੱਲ ਗਏ, ਕਰਾਉਣਾ ਉਦੋਂ ਯਾਦ

ਅੱਖੀਆਂ ’ਚੋਂ ਰੰਗਲੀ ਗਵਾਚੀ ਜਦੋਂ ਪੀਂਘ
ਜਦੋਂ ਨ੍ਹੇਰੇ ਝੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਤਾਂ ਨ੍ਹੀਂ ਹੋਇਆ ਮਿਰਾ ਨਾਮ ਬਦਨਾਮ
ਜਦੋਂ ਕਿੱਸੇ ਖੁੱਲ ਗਏ, ਕਰਾਉਣਾ ਉਦੋਂ ਯਾਦ

ਦਿੱਤੇ ਸਾਡੇ ਬਾਗ ਸੀ ਬਹਾਰਾਂ ਕਿਵੇਂ ਸਾੜ
ਜਦੋਂ ਵੀ ਖਿੜ ਫੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਧਾਰੀ ਚੁੱਪ ਮੈਂ ਦਬਾਈ ਹੋਈ ਜੀਭ
ਜਦੋਂ ਵੀ ਖੁੱਲ ਬੁੱਲ੍ਹ ਗਏ, ਕਰਾਉਣਾ ਉਦੋਂ ਯਾਦ

ਜਦੋਂ ਵੀ ਤੂੰ ਯਾਦ ’ਚੋਂ ਮਿਟਾਤਾ ਮਿਰਾ ਨਾਮ
ਜਦੋਂ ਧੱਬੇ ਧੁੱਲ ਗਏ, ਕਰਾਉਣਾ ਉਦੋਂ ਯਾਦ।

-ਸੰਗਤਾਰ

ਬੌਰਾ ਜਿਹਾ ਇਨਸਾਨ

ਤੇਹ ਹੈ ਅਤੇ ਚਸ਼ਮਾਂ ਵੀ ਹੈ ਪਰ ਛਲ਼ ਕਿਤੇ ਵਿਦਮਾਨ ਹੈ
ਮਾਰੂਥਲਾਂ ਵਿੱਚ ਭਟਕਦਾ ਬੌਰਾ ਜਿਹਾ ਇਨਸਾਨ ਹੈ

ਤਨ ਦਾ ਜੇ ਸ਼ੀਸ਼ਾ ਸਾਫ਼ ਹੈ ਤਾਂ ਮੈਲ਼ ਰੂਹ ਦੀ ਮਾਫ਼ ਹੈ
ਅੱਜ ਦਾ ਇਹੀ ਇਨਸਾਫ਼ ਹੈ ਇਹ ਆਖਦਾ ਸੰਵਿਧਾਨ ਹੈ

ਡੁੱਬੀ ਲਹੂ ਵਿੱਚ ਤੇਗ ਨੂੰ ਫਸਲਾਂ ਤੇ ਚੋਂਦੇ ਮੇਘ ਨੂੰ
ਜਾਂ ਤੜਫਦੇ ਨੇ ਦੇਵਤੇ ਜਾਂ ਤਰਸਦਾ ਕਿਰਸਾਨ ਹੈ

ਮਨ ਵਿੱਚ ਕਪਟ ਦੇ ਖਾਲ਼ ਨੇ, ਸਾਬਤ ਮਗਰ ਸਿਰ ਵਾਲ਼ ਨੇ
ਤੇ ਲਟਕਦੀ ਖੁੰਢੀ ਜਿਹੀ ਰਸਮੀ ਜਿਹੀ ਕਿਰਪਾਨ ਹੈ

ਪੂਰੇ ਸਹੀ ਸਾਰੇ ਸ਼ਗਨ ਪਰ ਨਾ ਮਿਲ਼ੀ ਮਨ ਨੂੰ ਲਗਨ
ਏਸੇ ਲਈ ਰਹਿੰਦੇ ਮਗਨ ਕਿ ਜਾਨ ਹੀ ਧਨ ਮਾਨ ਹੈ

ਮੁੱਢ ਤੋਂ ਹੀ ਜਿਗਰੀ ਯਾਰ ਸਨ ਗੋਲ਼ੀ ਇੱਕੋ ਦੀ ਮਾਰ ਸਨ
ਪਰ ਜੱਟ ਤੇ ਚਮਿਆਰ ਸਨ ਵੱਖ ਇਸ ਲਈ ਸ਼ਮਸ਼ਾਨ ਹੈ

ਧਨ ਜੱਗ ਦਾ ਤਨ ਅੱਗ ਦਾ ਰੂਹ ਰੱਬ ਦੀ ਪਰ ਲੱਗਦਾ
ਫਿਰ ਵੀ ਅਜੇ ਤੱਕ ਸੁਲ਼ਗਦਾ ਮਨ ਵਿੱਚ ਇਹੋ ਅਰਮਾਨ ਹੈ

ਕਿ ਲਟਕਦੀ ਕਿਰਪਾਨ ਦੇ ਬੌਰੇ ਜਿਹੇ ਇਨਸਾਨ ਦੇ
ਕਿਰਸਾਨ ਦੇ ਸ਼ਮਸ਼ਾਨ ਦੇ ਮਨ ਵਿੱਚ ਅਮਨ-ਅਮਾਨ ਹੈ।

-ਸੰਗਤਾਰ

ਸੱਚ ਤੇ ਝੂਠ

ਹਰ ਪੱਖ ਨੂੰ ਸਾਬਤ ਕਰਨ ਲਈ
ਕੋਈ ਨਾ ਕੋਈ
ਦਲੀਲ ਲੱਭ ਹੀ ਆਉਂਦੀ ਏ

ਤੇ,

ਹਰ ਦਲੀਲ ਦੀ ਪੁਸ਼ਟੀ ਲਈ
ਕੋਈ ਨਾ ਕੋਈ
ਤਸ਼ਬੀਹ ਵੀ ਮਿਲ਼ ਹੀ ਜਾਂਦੀ ਹੈ

ਪਰ ਦਲੀਲਾਂ ਤੇ ਤਸ਼ਬੀਹਾਂ
ਨਾਲ਼ ਕੀ ਹੁੰਦਾ ਹੈ

ਸੱਚ ਤੇ ਸੱਚ ਹੀ ਰਹਿੰਦਾ ਹੈ

ਤੇ ਸੱਚ ਇਹ ਹੈ
ਕਿ ਝੂਠ ਕੁੱਝ ਨਹੀਂ।

-ਸੰਗਤਾਰ

ਕਾਵਿ-ਚੱਕਰ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ
ਹਰ ਇੱਕ ਸੂਰਤ ਮੂਰਤ ਸ਼ੰਕਾ
ਅੱਖਰਾਂ ਵਿੱਚ ਉਤਾਰੀ

ਰਾਤ ਸਿਆਹੀ ਕਲਮ ਬੇਚੈਨੀ
ਖੰਭਾਂ ਬਿਨਾਂ ਉਡਾਰੀ
ਹੰਝੂ ਸੱਚੇ ਹੌਂਕੇ ਸੱਚੇ
ਸੱਚੀ ਕਵਿਤਾ ਕਿਆਰੀ

ਲੋਕੀਂ ਫਿਰ ਵੀ ਸ਼ੱਕ ਕਰਨ
ਇਹ ਲਗਦਾ ਨਹੀਂ ਲਿਖਾਰੀ
ਸ਼ਬਦਾਂ ਦਾ ਸ਼ਿਕਾਰੀ ਕੋਈ
ਲਫਜ਼ਾਂ ਦਾ ਵਿਉਪਾਰੀ

ਪਈ ਦੋਚਿੱਤੀ ਸ਼ਾਇਦ ਹੋਵੇ
ਠੀਕ ਹੀ ਦੁਨੀਆਂ ਸਾਰੀ
ਏਸ ਵਹਿਮ ਨੇ ਰੂਹ ਨੂੰ ਕੀਤਾ
ਮੈਲ਼ਾ ਕਿੰਨੀ ਵਾਰੀ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ…

-ਸੰਗਤਾਰ

ਕਿੰਨਾ ਚੇਤਾ ਆਵੇਗਾ

ਜਦੋਂ ਜੰਗ ਸ਼ੋਹਰਤਾਂ ਦੀ ਮਨ ਹਾਰ ਜਾਵੇਗਾ
ਮੇਰੀਆਂ ਗੱਲਾਂ ਦਾ ਵੇਖੀਂ! ਕਿੰਨਾ ਚੇਤਾ ਆਵੇਗਾ

ਫੋਕੀ ਹਮਦਰਦੀ ਨਾ ਪੰਡੀਂ ਸਾਂਭੀ ਜਾਵੇਗੀ
ਘੁੱਟ ਨੰਗੇ ਸੀਨੇ ਨਾਲ਼ ਕੌਣ ਤੈਨੂੰ ਲਾਵੇਗਾ

ਛੋਟੇ ਛੋਟੇ ਕਰਕੇ ਮਜ਼ਾਕ ਗਿੱਲੇ ਹੱਥਾਂ ‘ਚੋਂ
ਫਾੜੀਆਂ ‘ਚ ਕੱਟੇ ਖੱਟੇ ਸੇਬ ਕੌਣ ਖਾਵੇਗਾ

ਬੀਤਿਆਂ ਜੁਗਾਂ ਦੇ ਕਿੱਸੇ ਸੁਣੇ ਨੇ ਹਜ਼ਾਰ
ਕੌਣ ਕਿੱਸਾ ਸਾਡਾ ਭਲਾ ਕਿਸ ਨੂੰ ਸੁਣਾਵੇਗਾ

ਫੁੱਲ ਸੁੱਕ ਜਾਵੇਗਾ ਤੇ ਬੂਟਾ ਮੁੱਕ ਜਾਵੇਗਾ
ਪੁੱਟ ਬਾਗ ਏਥੇ ਕੋਈ ਕੋਠੀਆਂ ਬਣਾਵੇਗਾ

ਕੋਠੀਆਂ ਦੇ ਵਿਹੜਿਆਂ ‘ਚ ਲਾਏ ਗਏ ਬਦੇਸ਼ੀ
ਬੂਟਿਆਂ ਨੂੰ ਤੇਰਾ ਸੁਪਨਾ ਵੀ ਨਹੀਂ ਆਵੇਗਾ

ਮਿੱਟੀ ਵਿੱਚ ਧਸ ਜਾਣੇ ਲਾਵਾ ਬਣ ਰੰਗ
ਅੰਬਰਾਂ ਨੂੰ ਅੱਗ ਸਮਾਂ ਆਉਣ ਵਾਲ਼ਾ ਲਾਵੇਗਾ

ਦੁਨੀਆਂ ਉਜਾੜ ਸਾੜ ਸੁਪਨੇਂ ਸੁਨਹਿਰੀ
ਕਹਿਰ ਵੀ ਇਹ ਸੀਨੇ ਵਾਲ਼ੀ ਅੱਗ ਨਾ ਬੁਝਾਵੇਗਾ

ਨਿੱਕੀ ਜਿਹੀ ਪਈ ਅੱਜ ਦਿਲ ‘ਚ ਤਰੇੜ
ਸਮੇਂ ‘ਚ ਤਰੇੜਾਂ ਟੁੱਟਾ ਦਿਲ ਵੇਖੀਂ ਪਾਵੇਗਾ

ਸੂਰਜ ਦਾ ਦੀਵਾ ਜਦੋਂ ਜਲ਼-ਬੁਝ ਜਾਵੇਗਾ
ਮੇਰੀਆਂ ਗੱਲਾਂ ਦਾ ਵੇਖੀਂ! ਕਿੰਨਾ ਚੇਤਾ ਆਵੇਗਾ

-ਸੰਗਤਾਰ

ਇੰਨੇ ਸਾਨੂੰ ਦਰਦ ਦਿੱਤੇ

ਇੰਨੇ ਸਾਨੂੰ ਦਰਦ ਦਿੱਤੇ ਦਰਦੀਆਂ
ਹੁਣ ਨਹੀਂ ਵਿਸ਼ਵਾਸ਼ ਅੱਖਾਂ ਕਰਦੀਆਂ

ਰਹਿ ਗਿਆ ਬੁਜ਼ਦਿਲ ਕਿ ਲੱਤਾਂ ਮੇਰੀਆਂ
ਕੰਬੀਆਂ ਮਕਤਲ ਦੇ ਪੌਡੇ ਚੜ੍ਹਦੀਆਂ

ਸ਼ਖ਼ਸ ਹਰ ਰਾਜ਼ੀ ਏ ਕੈਦੀ ਹੋਣੇ ਨੂੰ
ਆਖ ਕੇ ਕੰਧਾਂ ਇਹ ਮੇਰੇ ਘਰ ਦੀਆਂ

ਝਰਨਿਆਂ ਨੂੰ ਖ਼ੌਫ਼ ਸਾਗਰਾਂ ਦਾ ਜਿਉਂ
ਸੁਪਨਿਆਂ ਤੋਂ ਇੰਞ ਨੀਂਦਾਂ ਡਰਦੀਆਂ

ਟਾਹਲੀਆਂ ਤਾਂ ਘੂਕ ਨੇ ਸੌਂ ਜਾਂਦੀਆਂ
ਅੰਬ ਨੂੰ ਪੁੱਛ ਕਿੰਞ ਗੁਜ਼ਰਨ ਸਰਦੀਆਂ

ਪਰਤ ਕੇ ਲਾਸ਼ਾਂ ਹੀ ਵਾਪਿਸ ਆਉਂਦੀਆਂ
ਜੰਗ ’ਤੇ ਘੱਲਦੇ ਨੇ ਭਾਵੇਂ ਵਰਦੀਆਂ

ਰੋਣ ਛਿੱਲੇ ਪੋਟਿਆਂ ’ਤੇ ਬੈਠੀਆਂ
ਡੋਲ ਜੋ ਵੀ ਹਾਸਿਆਂ ਦਾ ਭਰਦੀਆਂ

ਕਹਿਣ ਜਿੱਦਾਂ ਜਿੱਤਣਾ ਤਗ਼ਮਾ ਕੋਈ
ਸਾਡੀਆਂ ਕੁੜੀਆਂ ਵੀ ਕਾਲਿਜ ਪੜ੍ਹਦੀਆਂ।

-ਸੰਗਤਾਰ

ਨਵਾਂ ਸਾਲ

ਨਵੇਂ ਸਾਲ ਦੀ ਨਵੀਂ ਦਹਿਲੀਜ਼ ਉਤੇ,
ਦੀਵੇ ਬਾਲ਼ ਕੇ ਮੰਗੀਏ ਖ਼ੈਰ ਯਾਰੋ।
ਵਸੇ ਸ਼ਾਂਤੀ ਜੱਗ ਤੇ ਮਿਹਰ ਹੋਵੇ,
ਮੁੱਕੇ ਈਰਖਾ ਹਿਰਖ਼ ਤੇ ਵੈਰ ਯਾਰੋ।
ਮੋਤੀ ਪਿਆਰ ਦੇ ਹੋਣ ਸੰਗਤਾਰ ਹੰਝੂ,
ਫੁੱਲ ਬਣੇ ਮੁਸਕਾਨ ਹਰ ਮੁੱਖ ਉਤੇ,
ਵਗੇ ਜੱਗ ਤੇ ਪਿਆਰ ਦੀ ਹਵਾ ਠੰਡੀ,
ਪਿੰਡ ਪਿੰਡ ਯਾਰੋ, ਸ਼ਹਿਰ ਸ਼ਹਿਰ ਯਾਰੋ।

-ਸੰਗਤਾਰ