ਇੰਨੇ ਸਾਨੂੰ ਦਰਦ ਦਿੱਤੇ

ਇੰਨੇ ਸਾਨੂੰ ਦਰਦ ਦਿੱਤੇ ਦਰਦੀਆਂ
ਹੁਣ ਨਹੀਂ ਵਿਸ਼ਵਾਸ਼ ਅੱਖਾਂ ਕਰਦੀਆਂ

ਰਹਿ ਗਿਆ ਬੁਜ਼ਦਿਲ ਕਿ ਲੱਤਾਂ ਮੇਰੀਆਂ
ਕੰਬੀਆਂ ਮਕਤਲ ਦੇ ਪੌਡੇ ਚੜ੍ਹਦੀਆਂ

ਸ਼ਖ਼ਸ ਹਰ ਰਾਜ਼ੀ ਏ ਕੈਦੀ ਹੋਣੇ ਨੂੰ
ਆਖ ਕੇ ਕੰਧਾਂ ਇਹ ਮੇਰੇ ਘਰ ਦੀਆਂ

ਝਰਨਿਆਂ ਨੂੰ ਖ਼ੌਫ਼ ਸਾਗਰਾਂ ਦਾ ਜਿਉਂ
ਸੁਪਨਿਆਂ ਤੋਂ ਇੰਞ ਨੀਂਦਾਂ ਡਰਦੀਆਂ

ਟਾਹਲੀਆਂ ਤਾਂ ਘੂਕ ਨੇ ਸੌਂ ਜਾਂਦੀਆਂ
ਅੰਬ ਨੂੰ ਪੁੱਛ ਕਿੰਞ ਗੁਜ਼ਰਨ ਸਰਦੀਆਂ

ਪਰਤ ਕੇ ਲਾਸ਼ਾਂ ਹੀ ਵਾਪਿਸ ਆਉਂਦੀਆਂ
ਜੰਗ ’ਤੇ ਘੱਲਦੇ ਨੇ ਭਾਵੇਂ ਵਰਦੀਆਂ

ਰੋਣ ਛਿੱਲੇ ਪੋਟਿਆਂ ’ਤੇ ਬੈਠੀਆਂ
ਡੋਲ ਜੋ ਵੀ ਹਾਸਿਆਂ ਦਾ ਭਰਦੀਆਂ

ਕਹਿਣ ਜਿੱਦਾਂ ਜਿੱਤਣਾ ਤਗ਼ਮਾ ਕੋਈ
ਸਾਡੀਆਂ ਕੁੜੀਆਂ ਵੀ ਕਾਲਿਜ ਪੜ੍ਹਦੀਆਂ।

-ਸੰਗਤਾਰ

ਨਵਾਂ ਸਾਲ

ਨਵੇਂ ਸਾਲ ਦੀ ਨਵੀਂ ਦਹਿਲੀਜ਼ ਉਤੇ,
ਦੀਵੇ ਬਾਲ਼ ਕੇ ਮੰਗੀਏ ਖ਼ੈਰ ਯਾਰੋ।
ਵਸੇ ਸ਼ਾਂਤੀ ਜੱਗ ਤੇ ਮਿਹਰ ਹੋਵੇ,
ਮੁੱਕੇ ਈਰਖਾ ਹਿਰਖ਼ ਤੇ ਵੈਰ ਯਾਰੋ।
ਮੋਤੀ ਪਿਆਰ ਦੇ ਹੋਣ ਸੰਗਤਾਰ ਹੰਝੂ,
ਫੁੱਲ ਬਣੇ ਮੁਸਕਾਨ ਹਰ ਮੁੱਖ ਉਤੇ,
ਵਗੇ ਜੱਗ ਤੇ ਪਿਆਰ ਦੀ ਹਵਾ ਠੰਡੀ,
ਪਿੰਡ ਪਿੰਡ ਯਾਰੋ, ਸ਼ਹਿਰ ਸ਼ਹਿਰ ਯਾਰੋ।

-ਸੰਗਤਾਰ

ਤਸਵੀਰ

ਜੋਰਾਵਰ ਫਤਿਹ ਦੀ ਅੱਖ ਮੁਸਕਾ ਰਹੀ ਹੈ
ਮਾਂ ਗੁਜਰੀ ਇੱਕ ਪਾਸੇ ਰੱਬ ਧਿਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਆਪਾਂ ਜੱਗ ਨੂੰ ਕਹਿੰਦੇ ਹਾਂ ਇਹ ਸਾਡੇ ਪੁਰਖੇ
ਕੀਤੇ ਪੱਧਰੇ ਰਾਹ ਜਿਹਨਾਂ ਸੂਲ਼ਾਂ ’ਤੇ ਤੁਰਕੇ
ਮਾਣ ਅਸਾਨੂੰ ਆਪਣੀ ਏਸ ਵਿਰਾਸਤ ਉੱਤੇ
ਇਨ੍ਹਾਂ ਕਰਕੇ ਤੁਰਦੇ ਹਾਂ ਸਿਰ ਕਰਕੇ ਉੱਚੇ
ਅੱਜ ਪਤਾ ਨ੍ਹੀਂ ਕਿਉਂ ਸ਼ਰਮ ਜਿਹੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਅੱਜ ਵਰਗਾ ਉਹ ਦਿਨ ਵੀ ਇੰਞ ਹੀ ਚੜ੍ਹਿਆ ਹੋਣਾ
ਤ੍ਰੇਲ ਨੇ ਹੰਝੂਆਂ ਵਾਂਗ ਫੁੱਲਾਂ ਨੂੰ ਫੜਿਆ ਹੋਣਾ
ਜਿਉਂ ਜਿਉਂ ਕਦਮ ਜੁਆਕਾਂ ਕੰਧ ਵੱਲ ਪੁੱਟੇ ਹੋਣੇ
ਧੂੜ ਦੇ ਛੋਟੇ ਛੋਟੇ ਬੱਦਲ਼ ਉੱਠੇ ਹੋਣੇ
ਗਰਦ ਉਹ ਮੇਰੇ ਗਲ਼ ਨੂੰ ਚੜ੍ਹਦੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਇੱਟਾਂ ਠੰਡੀਆਂ ਠੰਡੀਆਂ ਨਾਲ਼ੇ ਗਾਰਾ ਠੰਡਾ
ਤਨ ਕਰ ਦਿੱਤਾ ਹੋਣਾ ਚਿਣਗਾਂ ਸਾਰਾ ਠੰਡਾ
ਗੋਡੇ ਗੋਡੇ ਉੱਸਰੀ ਕੰਧ ’ਚ ਲੱਤਾਂ ਜੜੀਆਂ
ਸ਼ਾਇਦ ਵੇਖੀਆਂ ਹੋਣ ਹਿਲਾ ਰਦਿਆਂ ਨੇ ਫੜੀਆਂ
ਭਾਰ ਚੀਜ਼ ਕੋਈ ਤਨ ਮੇਰੇ ਤੇ ਪਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਘੁੱਟ ਘੁੱਟ ਕੇ ਇੱਟਾਂ ਜਦ ਛਾਤੀ ਤੀਕਰ ਆਈਆਂ
ਜਿਸਮ ਹਿਲਾ ਲਾਚਾਰ ਵੇਖਿਆ ਹੋਊ ਭਾਈਆਂ
ਛਾਤੀ ਦੇ ਵਿੱਚ ਘੁੱਟੀ ਹਵਾ ਜੋ ਤੰਗ ਹੋਏਗੀ
ਗਿੱਲੀਆਂ ਇੱਟਾਂ ਦੀ ਉਹਦੇ ਵਿੱਚ ਗੰਧ ਹੋਏਗੀ
ਗੰਧ ਉਹ ਮੇਰੇ ਸਿਰ ਨੂੰ ਕਿਉਂ ਘੁਮਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਘੁੱਟਿਆ ਸਾਹ ਬੇਹੋਸ਼ ਗੁਰੂ ਦੇ ਲਾਲ ਹੋ ਗਏ
ਹੁਣ ਤੱਕ ਸੰਭਲ਼ੇ ਕਾਤਲ ਵੀ ਬੇਹਾਲ ਹੋ ਗਏ
ਦੋ ਮਾਸੂਮ ਦਿਲਾਂ ਦੀ ਧੜਕਣ ਬੰਦ ਹੋ ਗਈ
ਰਾਜ ਬਣੇ ਹਤਿਆਰੇ ਕਾਤਿਲ ਕੰਧ ਹੋ ਗਈ
ਕਿਉਂ ਹੋਏ? ਇਹ ਗੱਲ ਮਨ ਨੂੰ ਉਲ਼ਝਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਵਿੱਚ ਸਰਹੰਦ ਦੇ ਦੋ ਬੱਚਿਆਂ ਦੀਆਂ ਪਈਆਂ ਲ਼ਾਸ਼ਾਂ
ਕੁਝ ਦੂਰੀ ਤੇ ਮਾਂ ਗੁਜਰੀ ਦੀਆਂ ਢਈਆਂ ਆਸਾਂ
ਸਾਰੇ ਜਗਤ ਖੜੋ ਕੇ ਇੱਕ ਦੋ ਹੰਝੂ ਕੇਰੇ
ਫਿਰ ਆਪਣੇ ਕੰਮ ਤੁਰ ਪਏ ਭੁੱਲ ਕੇ ਨੀਲੇ ਚਿਹਰੇ
‘ਕੁੱਝ ਨੀਂ੍ਹ ਏਥੇ’ ਮਾਂ ਪੁੱਤ ਨੂੰ ਸਮਝਾ ਰਹੀ ਏ
ਕੰਧ ਉਸਰਦੀ ਜਾ ਰਹੀ ਹੈ

ਰੱਬ ਦੀ ਰਜ਼ਾ ’ਚ ਹਿੰਦੂ ਮੁਸਲਮਾਨ ਤੇ ਸਿੱਖ ਨੇ
ਜੇ ਉਸਦੀ ਅੱਖ ਦੇ ਵਿੱਚ ਸਾਰੇ ਬੰਦੇ ਇੱਕ ਨੇ
ਕਿਉਂ ਇਤਹਾਸ ਸਾਰੇ ਦਾ ਫਿਰ ਹਰ ਲਾਲ ਸਫ਼ਾ ਏ
ਕਿਉਂ ਫਿਰ ਹਰ ਇੱਕ ਕੌਮ ਦੂਜੀ ਦੇ ਨਾਲ਼ ਖ਼ਫ਼ਾ ਏ
ਭੁੱਲ ਕੇ ਰਾਹ ਦੁਨੀਆਂ ਕਿਉਂ ਗੋਤੇ ਖਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ।

-ਸੰਗਤਾਰ

ਉਲ਼ਝਿਆ ਫਿਰਾਂ

ਉਲ਼ਝਿਆ ਫਿਰਾਂ ਖੌਰੇ ਸੁਲ਼ਝਿਆ ਫਿਰਾਂ
ਪਾਣੀ ਹੋ ਕੇ ਪਾਣੀ ਨੂੰ ਹੀ ਤਰਸਿਆ ਫਿਰਾਂ

ਉਡਾਨ ‘ਚ ਫਿਰਾਂ ਜਾਂ ਧਿਆਨ ‘ਚ ਫਿਰਾਂ
ਬਿਖਰੀਆਂ ਸੋਚਾਂ ‘ਚ ਸਮੇਟਿਆ ਫਿਰਾਂ

ਵਿਰਾਗ ‘ਚ ਫਿਰਾਂ ਵਿਸਮਾਦ ‘ਚ ਫਿਰਾਂ
ਹੋਂਦ ਅਣਹੋਂਦ ਵਿੱਚ ਲਟਕਿਆ ਫਿਰਾਂ

-ਸੰਗਤਾਰ

ਜ਼ਿੰਦਗੀ ਦੇ ਮਾਅਨੇ

ਵੇਦਾਂ ਉਪਨਿਸ਼ਦਾਂ ਨੂੰ ਫੋਲ ਫੋਲ ਵੇਖਨੈਂ
ਮੰਦਰਾਂ ਦੇ ਬੰਦ ਬੂਹੇ ਖੋਲ ਖੋਲ ਵੇਖਨੈਂ
ਮਨ ਵਾਲ਼ੇ ਟੱਲ ਸੌਖੇ ਨਹੀਂਓਂ ਵੱਜਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਦੁਨੀਆਂ ‘ਚੋਂ ਖੱਟੇ ਹੋਏ ਵਰਾਂ ਤੇ ਸਰਾਪਾਂ ਨੂੰ
ਤੋਲ ਤੋਲ ਵੇਖਦਾ ਏਂ ਪੁੰਨਾਂ ਅਤੇ ਪਾਪਾਂ ਨੂੰ
ਕਿਹਨੇ ‘ਸ੍ਹਾਬ ਰੱਖਣੇ ਤੇ ਕਿਹਨੇ ਕੱਢਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਪੂਜਾ ਪਾਠ ਦਾਨ ਤੇ ਚੜ੍ਹਾਵਿਆਂ ਨੇ ਮਾਰਿਆ
ਨਿੱਤ ਅਰਦਾਸਾਂ ਮੱਥੇ ਟੇਕ ਟੇਕ ਹਾਰਿਆ
ਚੰਗੇ ਪਲ ਵਿਹਲੇ ਕੰਮੀਂ ਜਾ ਲੱਗਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਸੁਪਨਿਆਂ ਖਿਆਲਾਂ ਦੇ ਸੌ ਕਰੇਂ ਅਨੁਵਾਦ ਤੂੰ
ਕਰਮਾਂ ਦੇ ਟੇਵਿਆਂ ‘ਚੋਂ ਲੱਭਦੈਂ ਹਿਸਾਬ ਤੂੰ
ਪਤਾ ਨਹੀਂ ਤੂਫਾਨ ਵਰ੍ਹਨੇ ਕਿ ਗੱਜਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

ਸਿਫ਼ਰ ਦਾ ਲਾਟੂ ਕਦੇ ਬੁਝੇ ਕਦੇ ਜਗਦਾ
ਬੁਝਿਆ ਨਾ ਦਿਸੇ ਪਤਾ ਜਗੇ ਦਾ ਨਾ ਲੱਗਦਾ
ਰੌਸ਼ਨੀ ਦੇ ਨਾਂ ਤੇ ਇਹਨੇ ਯੁੱਗ ਠੱਗਣੇ
ਏਦਾਂ ਕਿੱਥੇ ਜ਼ਿੰਦਗੀ ਦੇ ਮਾਅਨੇ ਲ਼ੱਭਣੇ

-ਸੰਗਤਾਰ

ਮਹਿਕੀਆਂ ਹਵਾਵਾਂ

0912-blue

ਮਹਿਕੀਆਂ ਹਵਾਵਾਂ ਦੇ ਸੌ ਯਾਰ ਹੁੰਦੇ ਨੇ
ਰੁੱਸਦੇ ਨੇ ਫੁੱਲ ਤਾਂ ਖ਼ੁਆਰ ਹੁੰਦੇ ਨੇ

ਫੁੱਲਾਂ ਕੋਲ਼ੋਂ ਸਾਂਭੀ ਨਹੀਂਓਂ ਜਾਂਦੀ ਮਹਿਕਾਰ
ਹਵਾ ਕੋਲ਼ ਐਸੇ ਹਥਿਆਰ ਹੁੰਦੇ ਨੇ

ਚੂਸ ਜਿੰਦਗਾਨੀ ਮਜਬੂਰੀਆਂ ਦੇ ਵਿੱਚੋਂ
ਡਾਢਿਆਂ ਦੇ ਚਿਹਰੇ ਤੇ ਨਿਖਾਰ ਹੁੰਦੇ ਨੇ

ਰੋਜ਼ ਹੀ ਸ਼ਿਕਾਰੀ ਤੁਰੇ ਮੌਤ ਜੇਬ ਪਾਕੇ
ਰੋਜ਼ ਹੀ ਅਚਿੰਤੇ ਕਈ ਸ਼ਿਕਾਰ ਹੁੰਦੇ ਨੇ

ਮਰਨਾ ਤਾ ਪੈਣਾ ਕਿਉਂ ਮਰੀਏ ਬੇਮਹਿਕੇ
ਰੋਜ਼ ਫੁੱਲਾਂ ਵਿੱਚ ਇਹ ਵਿਚਾਰ ਹੁੰਦੇ ਨੇ

-ਸੰਗਤਾਰ

ਕੀ ਅੱਖ ਵੇਖਦੀ

0912-reflection

ਨਦੀ ਵਿੱਚ ਪਾਣੀ
ਪਾਣੀ ਵਿੱਚ ਚੰਨ
ਚੰਨ ਉੱਤੇ ਰੌਸ਼ਨੀ
ਰੌਸ਼ਨੀ ਵਿੱਚ ਸੂਰਜ

ਸੂਰਜ ਨੂੰ ਨਦੀ ਵਿੱਚੋਂ ਅੱਖ ਵੇਖਦੀ
ਅੱਖ ਤੋਂ ਬਿਨਾਂ
ਕੀ ਅੱਖ ਵੱਖ ਵੇਖਦੀ?

-ਸੰਗਤਾਰ

ਬੁਝਦੇ ਜਗਦੇ ਰੋਂਦੇ ਹੱਸਦੇ

0912-statue-sf

ਬੁਝਦੇ ਜਗਦੇ ਰੋਂਦੇ ਹੱਸਦੇ ਫੱਬਦੇ ਫਿਰਦੇ ਹਾਂ
ਦੁਨੀਆਂ ਵਿੱਚ ਗੁਆਚੇ ਬੰਦੇ ਰੱਬ ਦੇ ਫਿਰਦੇ ਹਾਂ

ਨਾ ਪੁਨੂੰ ਨਾ ਖ਼ਾਬ ਪੁਨੂੰ ਦਾ ਹੋਤਾਂ ਲੁੱਟਿਆ ਨਾ
ਖੌਰੇ ਥਲ ਵਿੱਚ ਕਾਹਤੋਂ ਪੈੜਾਂ ਦੱਬਦੇ ਫਿਰਦੇ ਹਾਂ

ਘਰ ਦੇ ਦੀਵੇ ਬੁਝ ਗਏ ਅੱਖ ਅਸਮਾਨੀ ਤਾਰੇ ’ਤੇ
ਤਨ ਨੂੰ ਨੰਗਾ ਕਰਕੇ ਮਨ ਨੂੰ ਕੱਜਦੇ ਫਿਰਦੇ ਹਾਂ

ਮਹਿਕਾਂ ਪਿੱਛੇ ਭੱਜਦਾ ਕੋਈ ਫੁੱਲ ਤਾਂ ਤੱਕਿਆ ਨਾ
ਮਹਿਕਾਂ ਹੋ ਫੁੱਲ ਪਿੱਛੇ ਪਿੱਛੇ ਭੱਜਦੇ ਫਿਰਦੇ ਹਾਂ

ਅੱਜ ਨੂੰ ਕਾਲ਼ਾ ਕਰਕੇ ਭਰਦੇ ਰੰਗ ਭਲ਼ਕ ਵਿੱਚ ਹਾਂ
ਕਾਲ਼ੇ ਦਿਨ ਵਿੱਚ ਕੰਧੀਂ ਕੌਲ਼ੀਂ ਵੱਜਦੇ ਫਿਰਦੇ ਹਾਂ

ਦਿਲ ਨੇ ਚੰਦ ਗੁਫ਼ਾ ਦੇ ਅੰਦਰ ਸਾਂਭ ਜੋ ਰੱਖੀਆਂ ਨੇ
ਉਹ ਚੀਜ਼ਾਂ ਵੀ ਦੁਨੀਆਂ ਵਿੱਚੋਂ ਲੱਭਦੇ ਫਿਰਦੇ ਹਾਂ।

-ਸੰਗਤਾਰ

ਅੱਖੋਂ ਦੂਰ ਹੋਣ ਜਿਹੜੇ

0912-sadness-yvonne-munnik

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਕੀ ਬੀਤੇ ਉਨ੍ਹਾਂ ਉੱਤੇ
ਪਤਾ ਨਹੀਂ ਉਹ ਰਾਤਾਂ ਕਿੰਞ ਜਾਗ ਜਾਗ ਕੱਟਦੇ ਨੇ
ਘੁੰਮਦੇ ਨੇ ਦਿਨੇਂ ਸੁੱਤੇ ਸੁੱਤੇ
ਪਤਾ ਨਹੀਂ ਉਹ ਕਿਹੜਿਆਂ ਸਿਆਲਾਂ ਬਾਰੇ ਸੋਚਦੇ ਨੇ
ਖੇੜਿਆਂ ਨੇ ਜਿਹੜੇ ਬਾਗੋਂ ਪੁੱਟੇ
ਪਤਾ ਨਹੀਂ ਉਹ ਰੋਜ਼ ਕਿਹੜੇ ਜੋਗੀ ਨੂੰ ਉਡੀਕਦੇ ਨੇ
ਆਉਂਦੇ ਨੇ ਖਿਆਲ ਪੁੱਠੇ ਪੁੱਠੇ
ਪਤਾ ਨਹੀਂ ਉਹ ਕੱਟ ਕੇ ਬਣਾਉਣਾ ਫੰਧਾ ਲੋਚਦੇ ਨੇ
ਪੀਂਘ ਨੂੰ ਤ੍ਰਿੰਜਣਾ ਦੀ ਰੁੱਤੇ

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਉਹ ਰੋਂਦੇ ਕਿੰਨੀ ਵਾਰੀ
ਕਿੰਨੀ ਵਾਰੀ ਸੂਲ਼ਾਂ ਵਾਂਗੂੰ ਚੁੱਭਦੇ ਕਲੀਰੇ ਬਾਹੀਂ
ਤੋੜ ਤੋੜ ਖਾਵੇ ਫੁਲਕਾਰੀ
ਕਿੰਨੀ ਵਾਰ ਯਾਦ ਲੱਗੇ ਕਰਦੀ ਦੋਫਾੜ ਦਿਲ
ਕਿੰਨੀ ਵਾਰੀ ਫਿਰੇ ਸੀਨੇ ਆਰੀ
ਕਿੰਨੀ ਵਾਰੀ ਜੋਕਾਂ ਵਾਂਗੂੰ ਇੱਕ ਇੱਕ ਵਾਲ਼ ਲੱਗੇ
ਪੀਵੀ ਜਾਂਦਾ ਰੱਤ ਸਿਰੋਂ ਸਾਰੀ
ਕਿੰਨੀ ਵਾਰ ਆਉਂਦੇ ਆਉਂਦੇ ਰੁਕ ਜਾਣ ਸੱਜਣਾ ਦੇ
ਸੁਪਨੇ ਵੀ ਹੋਣ ਇਨਕਾਰੀ

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਨ੍ਹਾਂ ਕਿਹੜਾ ਕੋਈ ਖ਼ਤ ਪਾਇਆ
ਉਨ੍ਹਾਂ ਕਿਹੜਾ ਦੱਸਿਆ ਕਿ ਖਿੜੇ ਭਰੇ ਬਾਗ ਵਿੱਚ
ਇੱਕੋ ਫੁੱਲ ਦਿਸੇ ਕੁਮਲ਼ਾਇਆ
ਪਤਾ ਨਹੀਂ ਸਵੇਰ ਕਿੰਜ ਚੜ੍ਹੇ ਕਿੰਜ ਸ਼ਾਮ ਪਵੇ
ਕਿਹੜੀ ਮਜਬੂਰੀ ਜਾਲ਼ ਪਾਇਆ
ਐਵੇਂ ਤਾਂ ਨਹੀਂ ਸਾਂਝ ਡੂੰਘੀ ਵਾਲ਼ਿਆਂ ਨੂੰ ਭੁੱਲ ਹੁੰਦਾ
ਐਵੇਂ ਨਹੀਂਓਂ ਜਾਂਦਾ ਦਿਲੋਂ ਲਾਹਿਆ
ਸ਼ਾਇਦ ਕਿ ਝੂਠੇ ਮੂਠੇ ਅੱਖਰ ਦੋ ਲਿਖਣੇ ਨੂੰ
ਤੁਪਕਾ ਵੀ ਖੂੰਨ ਨਾ ਥਿਆਇਆ

ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ
ਘੋਲ਼ ਘੋਲ਼ ਕੱਚ ਟੁੱਟੇ ਦਿਲਾਂ ਦੇ ਪਾ ਲੂਣ ਹੰਝੂ
ਘੁੱਟ ਘੁੱਟ ਜਾਂਦੇ ਕਿੰਞ ਪੀਤੇ
ਧਾਗੇ ਪਾ ਕਬੀਲਦਾਰੀ ਵਾਲ਼ੇ ਸੂਈਆਂ ਵਿੱਚ ਫੱਟ
ਇਸ਼ਕੇ ਦੇ ਕਿੰਞ ਜਾਂਦੇ ਸੀਤੇ
ਜ਼ਿੰਦਗੀ ਦੇ ਮਾਰੂਥਲਾਂ ਵਿੱਚ ਬਹਿ ਕੇ ਹੰਝੂਆਂ ਦੇ
ਕਿੰਨੇ ਮੋਤੀ ਦਾਨ ਉਨ੍ਹਾਂ ਕੀਤੇ
ਫੇਰ ਵੀ ਨਾ ਸੁਣੀ ਰੱਬ ਫਟ ਚੱਲੇ ਦਰਦਾਂ ਦੇ
ਸੋਕਿਆਂ ਨੇ ਸਾੜਤੇ ਪਲੀਤੇ
ਅੱਖੋਂ ਦੂਰ ਹੋਣ ਜਿਹੜੇ
ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ।

-ਸੰਗਤਾਰ

ਕੋਈ ਨੇੜੇ ਦਾ ਕੋਈ ਦੂਰ ਦਾ ਏ

ਬੰਦੇ ਸਾਰੇ ਬੰਦੇ ਨੇ,
ਪਰ ਵਿੱਚ ਸਰਹੱਦੀ ਕੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ

ਬੰਦੇ ਦੇ ਨਾਲ਼ ਬੰਦੇ ਦਾ
ਪਰ ਫਿਰ ਵੀ ਕੋਈ ਸਬੰਧ ਤਾਂ ਹੈ,
ਕੋਈ ਨੇੜੇ ਦਾ ਕੋਈ ਦੂਰ ਦਾ ਏ

-ਸੰਗਤਾਰ